ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ,
ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਲਗਾਉਂਦੇ ਨੇ ।
ਪਤਾ ਨਹੀਂ ਤੇਰਾ ਕਦੋਂ ਦਾਣਾ ਪਾਣੀ ਮੁੱਕ ਜਾਣਾ,
ਇਸ ਜਹਾਨ ਨੂੰ ਛੱਡ ਕੇ ਤੂੰ ਵਿੱਚ ਪਲਾਂ ਦੇ ਹੀ ਤੁਰ ਜਾਣਾ।
ਛੱਡ ਝੂਠ ਫਰੇਬ ਕਰਨੇ ਤੂੰ ਨੇਕੀ ਵਾਲੇ ਕੰਮ ਕਰ ਲੈ,
ਇਹ ਵੇਲਾ ਸੁਨਹਿਰੀ ਵਾਰ ਵਾਰ ਨਾ ਮੁੜ ਫਿਰ ਆਉਣਾ।
ਸਬਰ ਸੰਤੋਖ ਨਾਲ ਜੋ ਵਕਤ ਲੰਘਾਉਂਦੇ ਨੇ ਉਹੀ ਰੱਬ ਨੂੰ ਪਾਉਂਦੇ ਨੇ,
ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ।
ਮੈਂ ਮੇਰੀ ਦੇ ਚੱਕਰ ਵਿੱਚ ਸਦਾ ਤੂੰ ਫਸਿਆ ਰਹਿੰਦਾ ਹੈਂ,
ਪੈ ਕੇ ਵਿੱਚ ਝੁਮੇਲਿਆਂ ਦੇ ਕਦੇ ਰੱਬ ਦਾ ਨਾਮ ਨਾ ਲੈਦਾਂ ਹੈਂ।
ਸਤਿਗੁਰੂ ਦੀ ਬਾਣੀ ਸਮਝਾਉਂਦੀ ਹੈ ਤੇ ਸਿੱਧੇ ਰਾਹੇ ਪਾਉਂਦੀ ਹੈ,
ਝੂਠੇ ਮੋਹ ਮਾਇਆ ਦੇ ਅੰਡਬਰਾਂ ਦਾ ਤੂੰ ਐਵੇਂ ਆਸਰਾ ਲੈਦਾਂ ਹੈਂ।
ਇੱਕ ਮਨ ਇੱਕ ਚਿੱਤ ਹੋ ਕੇ ਜੋ ਧਿਆਨ ਨੂੰ ਸਦਾ ਟਿਕਾਉਂਦੇ ਨੇ,
ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ।
ਅੱਜ ਹਰ ਪਾਸੇ ਨਾਮ ਦਾ ਰਸ ਹੈ ਬਰਸ ਰਿਹਾ,
ਕਣ-ਕਣ ਸਤਿਗੁਰਾਂ ਦੀ ਮਹਿਮਾਂ ਦਾ ਗੁਣਗਾਣ ਹੈ ਕਰ ਰਿਹਾ।
ਸੰਗਤਾਂ ਦੂਰੋਂ ਦੂਰੋਂ ਚੱਲ ਕੇ ਦਰਸ਼ਨਾਂ ਨੂੰ ਆਈਆਂ ਨੇ,
ਰੱਬੀ ਰੰਗ ਵਿੱਚ ਸਭ ਰੂਹਾਂ ਨੂੰ ਆਪੇ ਹੀ ਗੁਰੂ ਰੰਗ ਰਿਹਾ ।
ਮਾਣ ਨਜ਼ਾਰੇ ਸਤਿਗੁਰਾਂ ਦੇ ‘ਫ਼ਕੀਰਾ’ ਰਹਿਮਤਾਂ ਜੋ ਵਰਸਾਉਂਦੇ ਨੇ,
ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਉਨ੍ਹਾਂ ਨੂੰ ਲਗਾਉਂਦੇ ਨੇ।
ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ,
ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਲਗਾਉਂਦੇ ਨੇ ।
ਵਿਨੋਦ ਫ਼ਕੀਰਾ (ਸਟੇਟ ਐਵਾਰਡੀ),
ਆਰੀਆ ਨਗਰ, ਕਰਤਾਰਪੁਰ,
ਜਲੰਧਰ। ਮੋ. 98721 97326