ਰਾਜਸੀ ਲੋਕਾਂ ਤੇ ਅਫਸਰਸ਼ਾਹੀ ਦੀ ਆਪਸੀ ਗੰਢਤੁਪ ‘ਚ ਪਿਸਦਾ ਹੀ ਰਹੇਗਾ ਆਦਮੀ – ਕਮਾਂਡੈਂਟ ਰਸ਼ਪਾਲ ਸਿੰਘ
ਸਮਰਾਲਾ, 16 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਖਮਾਣੋਂ ਅਤੇ ਮਾਛੀਵਾੜਾ ਦੀਆਂ ਇਕਾਈਆਂ ਨੇ ਵੀ ਹਿੱਸਾ ਲਿਆ।ਸਭ ਤੋਂ ਪਹਿਲਾਂ ਜੰਗ ਸਿੰਘ ਭੰਗਲਾਂ ਸੀਨੀ: ਮੀਤ ਪ੍ਰਧਾਨ ਨੇ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਦੇ 87ਵੇਂ ਜਨਮ ਦਿਨ ‘ਤੇ ਮੁਬਾਰਕਬਾਦ ਦਿੱਤੀ।ਫਰੰਟ ਵਲੋਂ ਪਿਛਲੇ ਮਹੀਨੇ ਨਿਪਟਾਏ ਗਏ ਚਾਰ ਕੇਸਾਂ ਸਬੰਧੀ ਚਾਨਣਾ ਪਾਇਆ ਗਿਆ।ਉਪਰੰਤ ਕੈਪਟਨ ਮਹਿੰਦਰ ਸਿੰਘ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਬੱਚਿਆਂ ਨੂੰ ਨੌਕਰੀਆਂ ਦੇਣ ਵਿੱਚ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ।ਪੰਜਾਬ ਵਾਸੀ ਮਜ਼ਬੂਰ ਹੋ ਕੇ ਬੱਚਿਆਂ ਨੂੰ ਪੜ੍ਹਾ ਕੇ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਹਨ।
ਸਰਵਨ ਸਿੰਘ ਬਿਲਾਸਪੁਰ ਨੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਵਿਛੜੀ ਰੂਹ ਨੂੰ ਯਾਦ ਕੀਤਾ ਅਤੇ ਬਾਬੇ ਨਾਨਕ ਦੀ ਗਾਥਾ ਸੁਣਾਈ।ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਅਫਸਰਸ਼ਾਹੀ ਬੇਖੌਫ ਹੋ ਗਈ ਅਤੇ ਲੋਕਾਂ ਦੇ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੋ ਰਹੇ।ਉਨ੍ਹਾਂ ‘ਸੱਥ ਵਿੱਚ ਬਹਿ ਕੇ’ ਕਵਿਤਾ ਸੁਣਾਈ। ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਸਰਕਾਰੀ ਕੰਮਕਾਜ ਵਿੱਚ ਰਾਜਨੀਤਕ ਲੋਕਾਂ ਦੀ ਇੰਨੀ ਜਿਆਦਾ ਦਖਲਅੰਦਾਜ਼ੀ ਹੋ ਗਈ ਹੈ ਕਿ ਅਫਸਰਸ਼ਾਹੀ ਜਾਣਬੁੱਝ ਕੇ ਆਮ ਲੋਕਾਂ ਦੇ ਕੰਮਾਂ ਨੂੰ ਲਟਕਾ ਰਹੀ ਹੈ।ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਬਹਿਲੋਪੁਰ ਰੋਡ ਉਪਰ ਪੁੱਲ ਦੀ ਮਨਜੂਰੀ ਮਿਲਣਾ ਆਮ ਲੋਕਾਂ ਦੀ ਜਿੱਤ ਸਾਬਤ ਹੋਈ, ਭਾਵੇਂ ਰਾਜਨੀਤਕ ਲੋਕਾਂ ਨੇ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਸੀ।ਹੁਣ ਸਾਡਾ ਮੁੱਖ ਕੰਮ ਨਨਕਾਣਾ ਸਾਹਿਬ ਸਮਰਾਲਾ ਦੀ ਗਰਾਉਂਡ ਨੂੰ ਜਾਣ ਬੁੱਝ ਕੇ ਖਤਮ ਕਰਕੇ ਉਸ ਵਿੱਚੋਂ ਲੱਖਾਂ ਦੇ ਦਰੱਖਤ ਵੱਢ ਕੇ ਵੇਚਣ ਦਾ ਮਾਮਲਾ ਆਮ ਲੋਕਾਂ ਵਿੱਚ ਲਿਆ ਕੇ ਇਸ ਵਿੱਚ ਸ਼ਾਮਲ ਅਫਸਰਸ਼ਾਹੀ ਅਤੇ ਰਾਜਸੀ ਲੋਕਾਂ ਦੇ ਪਾਜ਼ ਉਧੇੜਨਾ ਹੈ।
ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਰਾਲਾ ਸ਼ਹਿਰ ਰਾਜਨੀਤਕ ਲੋਕਾਂ ਦੀ ਮਾੜੀ ਸੋਚ ਦੀ ਭੇਂਟ ਚੜ੍ਹਿਆ ਹੋਣ ਕਰਕੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।ਬਲਾਕ ਸੰਮਤੀ ਦੀ ਜਗ੍ਹਾ ਵਿੱਚ ਅੱਡੇ ਦੇ ਨੇੜੇ ਧੱਕੇ ਨਾਲ ਕੀਤੀ ਉਸਾਰੀ, ਮਾਛੀਵਾੜਾ ਰੋਡ ‘ਤੇ ਕੀਤੇ ਨਜਾਇਜ਼ ਕਬਜ਼ੇ, ਸੜਕਾਂ ਦੀ ਮੰਦੀ ਹਾਲਤ, ਸਰਕਾਰੀ ਹਸਪਤਾਲ ਵਿੱਚ ਸਫਾਈ ਦੀ ਮੰਦਹਾਲੀ, ਬਲੱਡ ਬੈਂਕ ਚਾਲੂ ਨਾ ਹੋਣਾ, ਬਜ਼ਾਰ ਵਿੱਚ ਟਰੈਫਿਕ ਤੇ ਪਾਰਕਿੰਗ ਦੀ ਸਮੱਸਿਆ ਤੋਂ ਇਲਾਵਾ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਆਦਿ ਅਨੇਕਾਂ ਹੀ ਮਸਲੇ ਹਨ।ਜਿਨ੍ਹਾਂ ਨੂੰ ਕੁੱਝ ਦਿਨਾਂ ਵਿੱਚ ਹੀ ਠੀਕ ਕੀਤਾ ਜਾ ਸਕਦਾ ਹੈ।ਪਰ ਰਾਜਸੀ ਲੋਕਾਂ ਅਤੇ ਅਫਸਰਸ਼ਾਹੀ ਦੀ ਆਪਸੀ ਗੰਢਤੁਪ ਕੁੱਝ ਵੀ ਠੀਕ ਨਹੀਂ ਹੋਣ ਦੇ ਰਹੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਖਮਾਣੋਂ, ਦਰਸ਼ਨ ਸਿੰਘ ਕੰਗ, ਮਾ. ਪ੍ਰੇਮ ਨਾਥ, ਸੁਰਿੰਦਰ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਸਵਿੰਦਰ ਸਿੰਘ, ਰਾਜਿੰਦਰ ਸਿੰਘ ਸਮਰਾਲਾ, ਕਾਮਰੇਡ ਬੰਤ ਸਿੰਘ, ਕਰਨੈਲ ਸਿੰਘ ਚਹਿਲਾਂ, ਕੇਵਲ ਸਿੰਘ ਮੰਜ਼ਾਲੀਆ, ਪ੍ਰਿਥੀਪਾਲ ਸਿੰਘ ਸਮਰਾਲਾ, ਘੋੋਲਾ ਰਾਮ, ਮਨਜੀਤ ਕੌਰ, ਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।