13 ਡੋਲੀਆਂ ਤੋਰ ਕੇ ਗੁਰੂ ਸਾਹਿਬ ਜੀ ਦਾ ਕੀਤਾ ਸ਼ੁਕਰਾਨਾ -ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 4 ਅਕਤੂਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 31ਵੇਂ ਸਾਲਾਨਾ ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 13 ਸਾਬਤ ਸੂਰਤ ਬੱਚੇ-ਬੱਚੀਆਂ ਦੇ ਅਨੰਦ ਕਾਰਜ਼ ਕਰਵਾਏ।ਇਹ ਅਨੰਦ ਕਾਰਜ਼ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਏ, ਜਿਸ ਵਿੱੱਚ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਲਾਵਾਂ ਦਾ ਪਾਠ ਪੜਿਆ ਅਤੇ ਲਾਵਾਂ ਦਾ ਕੀਰਤਨ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਕੀਤਾ।
ਇਸ ਤੋਂ ਪਹਿਲਾਂ ਕੀਰਤਨ ਦਰਬਾਰ, ਕਵੀ ਦਰਬਾਰ ਅਤੇ ਢਾਡੀ ਦਰਬਾਰ ਕਰਵਾਏ ਗਏ।ਭਾਈ ਗੁਰਇਕਬਾਲ ਸਿੰਘ ਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਨੰਦ ਕਾਰਜ਼ ਪੂਰੀ ਰਹਿਤ ਮਰਿਯਾਦਾ ਨਾਲ ਕਰਵਾਏ ਗਏ ਹਨ।ਬੱਚੇ ਅਤੇ ਬੱਚੀਆਂ ਸਾਬਤ ਸੂਰਤ ਸਨ।ਇਹਨਾਂ ਅਨੰਦ ਕਾਰਜ਼ਾਂ ਦੀ ਖੁਸ਼ੀ ਵਿੱਚ ਬੈਂਡ ਵਾਲਿਆਂ ਨੇ ਵੀ ਵਾਜੇ ਵਜਾ ਕੇ ਸ਼ਬਦ ਰਾਹੀਂ ਹਾਜ਼ਰੀ ਭਰੀ। ਸਿੰਘ ਸਾਹਿਬ ਜੀ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ ਜੀ ਨੇ ਜਿਸ ਤਰਾਂ ਹੋਰਾਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਅਨੰਦ ਕਾਰਜ਼ ਕਰਵਾਏ ਅਤੇ ਆਪਣੇ ਹੱਥੀ ਇਹਨਾਂ ਬੱਚੀਆਂ ਦੀਆਂ ਡੋਲੀਆਂ ਵਿਦਾ ਕੀਤੀਆਂ।ਇਹ ਕਾਰਜ਼ ਧੀਆਂ ਦਾ ਦਰਦ ਰੱਖਣ ਵਾਲੇ ਭਾਈ ਗੁਰਇਕਬਾਲ ਸਿੰਘ ਜਿਹੀਆਂ ਸ਼ਖਸ਼ੀਅਤਾਂ ਹੀ ਕਰ ਸਕਦੀਆਂ ਹਨ।ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਉਨਾਂ ਨੇ ਭਲਾਈ ਕੇਂਦਰ ਟਰੱਸਟ ਵਲੋਂ 13 ਡੋਲੀਆਂ ਤੋਰ ਕੇ ਗੁਰੁ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਹੈ।ਜਿਥੇ ਨਵੀਂ ਵਿਆਹੀ ਹਰ ਜੋੜੀ ਨੂੰ ਹੋਰ ਘਰੇਲੂ ਸਮਾਨ ਤੋਂ ਇਲਾਵਾ 180 ਲਿਟਰ ਦਾ ਫਰਿੱਜ਼ ਵੀ ਦਿਤਾ ਗਿਆ ।ਉਥੇ ਆਏ ਬਰਾਤੀਆਂ ਦੀ ਸੇਵਾ ਵੀ ਵਧੀਆ ਮਠਿਆਈਆਂ ਅਤੇ ਹੋਰ ਪਕਵਾਨਾ ਨਾਲ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਆਏ ਹੋਏ ਸ. ਅਵਤਾਰ ਸਿੰਘ ਟਰੱਕਾਂ ਵਾਲੇ (ਸੀਨੀ.ਡਿਪਟੀ ਮੇਅਰ), ਸ. ਬਾਵਾ ਸਿੰਘ ਗੁਮਾਨਪੁਰ (ਮੈਂਬਰ ਸ਼੍ਰੌ.ਗੁ. ਪ੍ਰ. ਕਮੇਟੀ) ਭਾਈ ਧਰਮ ਸਿੰਘ ਜੀ ਅਰਦਾਸੀਏ ਨੇ ਭਾਈ ਗੁਰਇਕਬਾਲ ਸਿੰਘ ਜੀ ਨੂੰ 13 ਅਨੰਦ ਕਾਰਜ਼ਾਂ ਦੀ ਵਧਾਈ ਦਿੱਤੀ।ਇਹ ਸਾਰਾ ਸਮਾਗਮ ਲਾਈਵ ਪ੍ਰਸਾਰਿਤ ਕੀਤਾ ਗਿਆ।ਇਸ ਮੌਕੇ ਸ. ਭੁਪਿੰਦਰ ਸਿੰਘ (ਪ੍ਰਧਾਨ ਗੰਡਾ ਸਿੰਘ ਕਲੌਨੀ), ਸ. ਅਰਵਿੰਦਰ ਸਿੰਘ ਭਾਟੀਆ (ਪੀ.ਏ. ਬੁਲਾਰੀਆ), ਕੌਸਲਰ ਬੀਬੀ ਹਰਮਿੰਦਰ ਕੌਰ ਸ਼ਾਮ, ਅਮਰਬੀਰ ਸਿੰਘ ਢੌਟ, ਪਰਮਜੀਤ ਸਿੰਘ ਖਾਲਸਾ (ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ) ਤੋਂ ਇਲਾਵਾ ਸ਼ਹਿਰਾਂ, ਪਿੰਡਾ ਦੀਆਂ ਸੰਗਤਾਂ ਅਤੇ ਜਲੰਧਰ, ਸ਼ਾਹਜਹਾਨਪੁਰ, ਬਰੇਲੀ, ਭੌਪਾਲ, ਲੁਧਿਆਣਾ ਤੇ ਕੁਰਾਲੀ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।