ਆਓ! ਸਵੇਰ ਦੀ ਸੈਰ ਕਰੀਏ
ਕੁਦਰਤੀ ਨਜ਼ਾਰਿਆਂ ਨਾਲ ਮਨ ਦਾ ਖਜ਼ਾਨਾ ਭਰੀਏ,
ਆਓ ਸਵੇਰ ਦੀ ਸੈਰ ਕਰੀਏ……….
ਰੁੱਖਾਂ ਦਾ ਸਾਜ਼ ਤੇ ਹਵਾ ਦੀ ਆਵਾਜ਼ ਵਾਲਾ ਕੁਦਰਤੀ ਗੀਤ ਸੁਣੀਏ,
ਫਿਜ਼ਾਵਾਂ ਵਿੱਚ ਖਿਲਰੇ ਕੁਦਰਤੀ ਤਰਾਨੇ ਦਾ ਕੁੱਝ ਤਾਂ ਖਿਆਲ ਕਰੀਏ,……
ਆਓ ਸਵੇਰ ਦੀ ਸੈਰ ਕਰੀਏ……..
ਕਾਂ, ਚਿੜੀ, ਮੋਰ, ਘੁੱਗੀ, ਬੁਲਬੁਲ ਤੇ ਗਟਾਰਾਂ ਦਾ ਰਾਗ ਸੁਣੀਏ,
ਕਾਟੋ ਦੀਆਂ ਮਸਤੀਆਂ, ਰੁੱਡ `ਚੋਂ, ਨਿਕਲੇ ਚੂਹੇ ਦੀਆਂ ਚੁਸਤੀਆਂ,
ਚਿੜੀ ਦੀ ਬੋਟਾਂ ਨਾਲ ਮਮਤਾ ਦਾ ਖਿਆਲ ਕਰੀਏ।
ਆਓ ਸਵੇਰ ਦੀ ਸੈਰ……..
ਫੁੱਲਾਂ ‘ਤੇ ਪਈ ਤਰੇਲ ਦੀਆਂ ਬੂੰਦਾਂ, ਬੂਟਿਆਂ ਦੀਆਂ ਸੱਜਰੀਆਂ ਗੋਂਦਾਂ ਸਹਿਰਾਈਏ,
ਫ਼ਲਾਂ ਤੇ ਫੁੱਲਾਂ ‘ਤੇ ਪਈ ਲਾਲੀ ਨੂੰ ਤੱਕ ਮਨ ਨਿਹਾਲ ਕਰੀਏ,
ਆਓ ਸਵੇਰ ਦੀ ਸੈਰ……..
ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਲੱਭੀਏ,
ਨਹੀਂ ਤਾਂ ਰੁੱਖ ਲਗਾਉਣ ਲਈ ਥਾਵਾਂ ਲੱਭੀਏ,
ਪੰਛੀਆਂ ਨਾਲ ਆਲ੍ਹਣਿਆਂ ਦੀ ਸੁਰੱਖਿਆ ਦਾ ਕਰਾਰ ਕਰੀਏ,
ਆਓ ਸਵੇਰ ਦੀ ਸੈਰ……..
ਅੰਬਰਾਂ ਦੀ ਉਡਾਰੀ ਲੋਚੀਏ, ਹੁਣ ਤਾਂ ਕੁੱਝ ਵਾਤਾਵਰਣ ਬਾਰੇ ਸੋਚੀਏ,
ਪੰਛੀ, ਪਸ਼ੂ, ਪੌਦੇ ਸਭ ਦਾ ਖਿਆਲ ਕਰੀਏ,
ਆਲੇ ਦੁਆਲੇ ਦੀ ਸਵੱਛਤਾ ਤੇ ਮਨੁੱਖਤਾ ਦੋਹਾਂ ਦਾ ਧਿਆਨ ਕਰੀਏ।
ਆਓ ਸਵੇਰ ਦੀ ਸੈਰ……..
ਰਣਜੀਤ ਕੌਰ ਬਾਜਵਾ
ਪੰਜਾਬੀ ਅਧਿਆਪਕਾ