ਹਰੇਕ ਲੋੜਵੰਦ ਨੂੰ ਬਣਦਾ ਹੱਕ ਦੇਣ ਦੀ ਕੀਤੀ ਹਦਾਇਤ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਆਪਣੇ ਹਲਕੇ ਅੰਮ੍ਰਿਤਸਰ ਕੇਂਦਰੀ ਵਿਚ ਨੀਲਾ ਕਰਾਡ ਹੋਲਡਰਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਉਨਾਂ ਨਾਲ ਕੋਂਸਲਰ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।ਸੋਨੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਲੋੜਵੰਦ ਪਰਿਵਾਰ ਨੂੰ ਸਸਤੀ ਕਣਕ ਦਿੱਤੀ ਜਾ ਰਹੀ ਹੈ ਅਤੇ ਇਸ ਵਿਚ ਥੋੜ੍ਹੀ ਦੇਰੀ ਕਾਰਡਾਂ ਦੀ ਵੈਰੀਫਿਕੇਸ਼ਨ ਅਤੇ ਕਾਰਡਾਂ ਨੂੰ ਸਮਰਟ ਪ੍ਰਣਾਲੀ ਨਾਲ ਜੋੜਨ ਕਾਰਨ ਹੋਈ ਹੈ, ਪਰ ਇਸ ਤੋਂ ਇਹ ਅਰਥ ਨਹੀਂ ਲਿਆ ਜਾਣਾ ਚਾਹੀਦਾ ਕਿ ਕਿਸੇ ਦਾ ਕਾਰਡ ਕੱਟਿਆ ਗਿਆ ਹੈ ਜਾਂ ਕਿਸੇ ਹੋਰ ਰਾਜਸੀ ਕਾਰਨ ਕਰਕੇ ਉਸ ਦੀ ਸਪਲਾਈ ਰੋਕੀ ਗਈ ਹੈ।
ਉਨਾਂ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਲਖਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਵੀ ਪਰਿਵਾਰਾਂ ਦਾ ਨੀਲਾ ਕਾਰਡ ਬਣ ਸਕਦਾ ਹੈ, ਬਣਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਕਾਰਡਾਂ ਨੂੰ ਤੇਜ਼ੀ ਨਾਲ ਸਮਾਰਟ ਪ੍ਰਣਾਲੀ ਨਾਲ ਜੋੜਿਆ ਜਾਵੇ ਅਤੇ ਵੈਰੀਫਿਕੇਸ਼ਨ ਦਾ ਕੰਮ ਵੀ ਛੇਤੀ ਨੇਪਰੇ ਚਾੜਿਆ ਜਾਵੇ, ਤਾਂ ਜੋ ਲੋਕਾਂ ਨੂੰ ਮਿਲਣ ਵਾਲੀ ਸਸਤੀ ਕਣਕ ਵਿਚ ਦੇਰੀ ਨਾ ਹੋਵੇ।ਸੋਨੀ ਨੇ ਕਿਹਾ ਕਿ ਕੋਈ ਵੀ ਖੁਰਾਕ ਸਪਲਾਈ ਵਿਭਾਗ ਦਾ ਇੰਸਪੈਕਟਰ ਕਾਰਡ ਹੋਲਡਰਾਂ ਨੂੰ ਕਣਕ ਦੀ ਵੰਡ ਵਿਜੀਲੈਂਸ ਕਮੇਟੀ ਦੀ ਹਾਜ਼ਰੀ ਤੋਂ ਬਿਨਾਂ ਨਾ ਕਰੇ।ਇਸ ਮੌਕੇ ਸਹਾਇਕ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਅਰਸ਼ਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।