ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ. ਵਿਸੇ ਤੇ 6 ਦਿਨਾਂ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਈ। ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਵੱਲੋਂ ਲਖਨਊ ਦੇ ਸੈਂਟਰ ਆਫ ਬਾਇਓ ਮੈਡੀਕਲ ਰੀਸਰਚ ਦੇ ਸਹਿਯੋਗ ਨਾਲ ਅਤੇ ਡੀ.ਐਸ.ਟੀ.ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ ਵੱਖ ਕੋਨਿਆ ਤੋਂ 150 ਸਾਇੰਸਦਾਨ ਭਾਗ ਲੈ ਰਹੇ ਹਨ ਅਤੇ ਇਹ 11 ਅਕਤੂਬਰ ਨੂੰ ਖਤਮ ਹੋਵੇਗੀ।
ਵਰਕਸ਼ਾਪ ਦਾ ਉਦਘਾਟਨ ਵਾਇਸ ਚਾਂਸਲਰ ਪ੍ਰੋ: ਅਜਾਇਬ ਸਿੰਘ ਬਰਾੜ ਨੇ ਕੀਤਾ ਜਦ ਕਿ ਸੈਂਟਰ ਆਫ ਬਾਇਓ ਮੈਡੀਕਲ ਰੀਸਰਚ, ਲਖਨਊ ਦੇ ਉੱਘੇ ਵਿਗਿਆਨੀ ਪ੍ਰੋ: ਸੀ.ਐਲ.ਖੇਤਰਪਾਲ ਨੇ ਕੁੰਜੀਵੱਤ ਭਾਸ਼ਨ ਦਿੱਤਾ। ਵਰਕਸ਼ਾਪ ਦੇ ਕਨਵੀਨਰ ਪ੍ਰੋ: ਆਰ.ਕੇ. ਮਹਾਜਨ, ਡੀਨ, ਕਾਲਜ ਵਿਕਾਸ ਕੋਸਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ। ਵਰਕਸ਼ਾਪ ਦੇ ਕੋ-ਕਨਵੀਨਰ ਪ੍ਰੋ: ਪਲਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਆਈ.ਆਈ.ਟੀ. ਬੰਗਲੋਰ ਦੇ ਪ੍ਰੋ: ਕੇ. ਰਾਮਾ ਨਾਥਨ ਅਤੇ ਪ੍ਰੋ: ਐਨ. ਸੂਰੀਆ ਪ੍ਰਕਾਸ਼ਨ ਅਤੇ ਸੈਂਟਰ ਆਫ ਬਾਇਓ ਮੈਡੀਕਲ ਰੀਸਰਚ ਲਖਨਊ ਦੇ ਡਾ: ਦਿਨੇਸ਼ ਕੁਮਾਰ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।
ਪ੍ਰੋ: ਬਰਾੜ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਕਿਹਾ ਕਿ ਐਨ.ਐਮ.ਆਰ. ਸਪੈਕਟਰੋਮੀਟਰ ਦੀ ਤਕਨੀਕ ਦੇ ਜਰੀਏ ਕਿਸੇ ਵੀ ਮੋਲੀਕੂਲ ਦਾ ਢਾਂਚਾ ਜਾਣਿਆ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਨਾਲ ਬਹੁਤ ਸਾਰੀਆਂ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਸੰਭਵ ਹੋ ਸਕਿਆ ਹੈ।
ਉਨਾਂ ਕਿਹਾ ਕਿ ਇਸ ਵਰਕਸ਼ਾਪ ਨੂੰ ਲਗਾਉਣ ਦਾ ਮੁੱਖ ਉਦੇਸ਼ ਨੌਜਵਾਨ ਖੋਜਾਰਥੀਆਂ ਨੂੰ ਐਨ.ਐਮ.ਆਰ. ਅਤੇ ਐਮ.ਆਰ.ਆਈ. ਦੇ ਸਿਧਾਂਤ ਅਤੇ ਵਰਤੋਂ ਤੋਂ ਜਾਣੂ ਕਰਵਾਉਣਾ ਹੈ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਿਆਰੀ ਖੋਜ ਨੁੰ ਉਤਸ਼ਾਹਿਤ ਕਰਨ ਲਈ ਆਲਾ ਦਰਜੇ ਦੇ ਵਿਗਿਆਨਕ ਉਪਕਰਨ ਲਗਾਏ ਹਨ। ਉਨਾਂ ਕਿਹਾ ਕਿ ਮਿਆਰੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਉਨਾਂ ਵਿਸ਼ਵਾਸ ਦਿਵਾਇਆ ਕਿ ਅਜੇਹੇ ਕਾਰਜ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪ੍ਰੋ: ਖੇਤਰਪਾਲ ਨੇ ਕਿਹਾ ਕਿ ਐਨ.ਐਮ.ਆਰ. ਦੀ ਵਰਤੋਂ ਵਿਗਿਆਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਵਸਤੂ ਦੀ ਤਹਿ ਤੱਕ ਜਾਣ ਲਈ ਐਨ.ਐਮ.ਆਰ. ਦੀ ਵਰਤੋਂ ਕੀਤੀ ਜਾਂਦੀ ਹੈ।
ਉਨਾਂ ਕਿਹਾ ਕਿ ਐਨ.ਐਮ.ਆਰ. ਦੇ ਸਿਧਾਂਤਾ ਸਦਕਾ ਵਿਸਲੇਸ਼ਨ ਪ੍ਰਣਾਲੀ ਵਿੱਚ ਬਹੁਤ ਸਧਾਰ ਹੋਇਆ ਹੈ ਵਿਸ਼ੇਸ਼ਕਰ ਮਨੁੱਖੀ ਬਿਮਾਰੀਆਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਉਨਾਂ ਕਿਹਾ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਦਾ ਪਤਾ ਵਕਤ ਤੋਂ ਪਹਿਲਾਂ ਲੱਗਣ ਕਰਕੇ ਇਲਾਜ ਸੰਭਵ ਹੋ ਜਾਂਦਾ ਹੈ। ਉਨਾਂ ਨੇ ਨੌਜਵਾਨ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਅਧੁੁਨਿਕ ਸਾਇੰਸ ਦੀਆਂ ਕਾਢਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਉਨਾਂ ਪ੍ਰੋ: ਬਰਾੜ ਨੂੰ ਯੂਨੀਵਰਸਿਟੀ ਵਿਖੇ ਉਪਲਬਧ ਆਲਾ ਦਰਜੇ ਦੀਆਂ ਖੋਜ ਸਹੂਲਤਾਂ ਮੁਹੱਈਆਂ ਕਰਨ ਤੇ ਵਧਾਈ ਵੀ ਦਿੱਤੀ। ਪ੍ਰੋ: ਬਰਾੜ ਨੇ ਪ੍ਰੋਫੈਸਰ ਖੇਤਰਪਾਲ ਨੂੰ ਮੀਮੈਂਟੋ ਦੇ ਕੇ ਸਨਮਾਨਿਤ ਕੀਤਾ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …