ਕਿਸਾਨ ਮੰਡੀਆਂ ਵਿਚ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲਾ ਝੋਣਾ ਨਾ ਲਿਆਉਣ
ਫਾਜਿਲਕਾ, 7 ਅਕਤੂਬਰ (ਵਨੀਤ ਅਰੋੜਾ) – ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਫਾਜ਼ਿਲਕਾ ਜਿਲ੍ਹੇ ਵਿਚ ਕਲ ਸ਼ਾਮ ਤੱਕ 3478 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ.ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਉਪਰੰਤ ਦਿੱਤੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਝੋਨੇ ਦੀ ਸੁਚੱਜੀ ਖਰੀਦ ਲਈ 82 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 3478 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵੱਲੋਂ 25 ਪ੍ਰਤੀਸ਼ਤ, ਮਾਰਕਫੈਡ ਵੱਲੋਂ 22 ਪ੍ਰਤੀਸ਼ਤ, ਪਨਸਪ ਵੱਲੋਂ 23 ਪ੍ਰਤੀਸ਼ਤ, ਵੇਅਰ ਹਾਊਸ ਵੱਲੋਂ 11 ਪ੍ਰਤੀਸ਼ਤ, ਪੰਜਾਬ ਐਗਰੋ ਵੱਲੋਂ 9 ਪ੍ਰਤੀਸ਼ਤ ਤੇ ਐਫ.ਸੀ.ਆਈ ਵੱਲੋਂ 10 ਪ੍ਰਤੀਸ਼ਤ ਝੋਨੇ ਦੀ ਮੰਡੀਆਂ ਵਿਚੋਂ ਖਰੀਦ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਮੰਡੀਆਂ ਵਿੱਚ ਗਿੱਲਾ ਝੋਨਾ ਨਾ ਲਾਹਿਆ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਕੋਈ ਜ਼ਿਮੀਂਦਾਰ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਵੀ ਮੰਡੀਆਂ ਵਿੱਚ ਗਿੱਲਾ ਝੋਨਾ ਲੈ ਕੇ ਆਵੇਗਾ ਤਾਂ ਉਸ ਨੂੰ ਮੰਡੀ ਵਿੱਚ ਝੋਨਾ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲਾ ਝੋਨਾਂ ਮੰਡੀ ਵਿਚ ਨਾ ਲਿਆਉਣ ਤਾਂ ਜੋ ਉਨਾਂ ਨੂੰ ਝੋਣਾਂ ਵੇਚਨ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ।
ਸ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਹਰ ਹਾਲਤ ਵਿੱਚ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਨਮੀ ਵਾਲਾ ਝੋਨਾ ਬਿਲਕੁਲ ਨਾ ਲੈ ਕੇ ਆਉਣ ਕਿਉਂ ਜੋ ਗਿੱਲੇ ਝੋਨੇ ਨੂੰ ਸੁਕਾਉਣ ਲਈ ਜ਼ਿਆਦਾ ਦਿਨ ਲਗਦੇ ਹਨ ਤੇ ਮੰਡੀਆਂ ਵਿੱਚ ਥਾਂ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੁੱਕੇ ਝੋਨੇ ਦੀ ਆਮਦ ‘ਤੇ ਤੁਰੰਤ ਬੋਲੀ ਲਾ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਜ਼ਿਆਦਾ ਸਮਾਂ ਮੰਡੀਆਂ ਵਿੱਚ ਨਾ ਬੈਠਣਾ ਪਵੇ।