Thursday, November 21, 2024

ਕੋਰੋਨਾ

ਕੁਦਰਤ ਨਾਲ ਸੀ ਜਦ ਕਹਿਰ ਹੁੰਦਾ, ਰੋਂਦਾ ਉਦੋਂ ਰੱਬ ਹੋਣਾ
ਬੈਠ ਕੇ ਵਿੱਚ ਫੁਰਸਤ ਤਿਆਰ ਸੀ, ਕੀਤਾ ਕੋਰੋਨਾ ਯੱਬ ਹੋਣਾ।
ਕਰ ਲਿਆ ਬੇ-ਜ਼ੁਬਾਨਿਆਂ ‘ਤੇ, ਲੋਕਾਈ ਨੇ ਹੈ ਜ਼ੁਲਮ ਭਾਰਾ
ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ।

ਕਰ ਕੈਦ ਪਿੰਜ਼ਰਿਆਂ ‘ਚ ਸਮਝੇਂ, ਖੁਦ ਨੂੰ ਤੂੰ ਬਲਵਾਨ ਮੀਆਂ
ਸਾਹ ਨਾ ਫਿਰ ਭਰ ਹੋਵੇ, ਜਦ ਚੱਲੇ ਉਹਦੀ ਕਿਰਪਾਨ ਮੀਆਂ,
ਜਾਪੇ ਪਰਵਰਦਿਗਾਰ ਆਖਦਾ, ਚੱਲਣਾ ਨੀ ਹੁਣ ਕੋਈ ਚਾਰਾ
ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ।

ਬੱਸਾਂ ਤੇ ਰੇਲਾਂ ਰੁਕੀਆਂ ਜ਼ਿੰਦਗੀ ਦੇ ਨੇ ਚੱਕੇ ਜਾਮ ਹੋ ਗਏ
ਸਦਾ ਹੱਸਦੇ ਰਹਿਣ ਵਾਲੇ ਹੁਣ, ਰੋਂਦੇ ਚਿਹਰੇ ਆਮ ਹੋ ਗਏ।
ਸੱਚ ਝੂਠ ਤਾਂ ਰੱਬ ਜਾਣੇ, ਦੁਨੀਆਂ ਆਖੇ ਚੀਨ ਦੋਸ਼ੀ ਹੈ ਸਾਰਾ
ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ।

ਚੀਨ ਤੋਂ ਬਾਅਦ ਕੋਰੋਨਾ ਨੇ, ਇਟਲੀ ਦੀਆਂ ਜੜ੍ਹਾਂ ਹਲਾਈਆਂ
ਫੇਰ ਅਮਰੀਕਾ, ਇਰਾਨ, ਸਪੇਨ, ਫਰਾਂਸ ‘ਤੇ ਕਰੀਆਂ ਚੜ੍ਹਾਈਆਂ।
ਵੱਲ ਭਾਰਤ ਦੇ ਵੀ ਆਉਂਦਾ ਜਾਂਦਾ, ਬਣ ਕੇ ਇਹ ਭਲਵਾਨ ਦਾਰਾ
ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ।

ਇੱਕ ਡਾਕਟਰ ਦੂਜਾ ਪੁਲੀਸ ਹੁਣ, ਧਰਤੀ ‘ਤੇ ਰੱਬ ਜਾਪਦੇ
ਪਾ ਜੋਖਮ ‘ਚ ਜਾਨ ਨੇ ਪੱਤਰਕਾਰ, ਵੀ ਫਿਰਦੇ ਸੱਚ ਨਾਪਦੇ
ਰੱਖੀਂ ਕਿਰਪਾ ਸਾਰਿਆਂ ‘ਤੇ ਦਈਂ, ਇਹਨਾਂ ਸਭਨਾਂ ਨੂੰ ਸਹਾਰਾ
ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ।

ਭੁੱਲਦਾ ਜਦ ਮਨੁੱਖ ਉਹਨੂੰ ਯਾਦ, ਕਰਾਉਣੈ ਦਾ ਉਹ ਢੰਗ ਲੱਭੇ
ਬੇ-ਰੰਗੀ ਦੁਨੀਆਂ ਵਿੱਚ ਨਾ, ਨਿੱਝਰ ਨੂੰ ਹੁਣ ਕੋਈ ਰੰਗ ਲੱਭੇ
ਸਾਂਉਕੇ ਵਿੱਚ ਫੇਰ ਕਦੋਂ ਪੈਣੇ ਖੇੜੇ, ਦੱਸ ਦੇ ਨਾ ਲਾ ਐਵੇਂ ਲਾਰਾ
ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ।

Talwinder Nijjer Saunke

ਤਲਵਿੰਦਰ ਨਿੱਝਰ ਸਾਂਉਕੇ
ਮੋ – 94173-86547

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …