ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ ।
ਜਿੱਤੀਏ ਜੰਗ ਇਹ ਜ਼ਿੰਦਗੀ ਦੀ ਤੇ ਮੌਤ ਨੂੰ ਵੰਗਾਰੀਏ ।
ਦੁਨੀਆਂ ਦੇ ਵਿੱਚ ਖੌਫ ਮੌਤ ਦਾ,
ਬੇਸ਼ੱਕ ਵਧਦਾ ਜਾ ਰਿਹਾ ਏ,
ਐਪਰ ਬਲ਼ ਕੇ ਆਪ ਕੋਈ ਦੀਵਾ,
ਚਾਨਣ ਵੀ ਰੁਸ਼ਨਾ ਰਿਹਾ ਏ,
ਡੁੱਬਦੇ ਨੂੰ ਤਿਣਕੇ ਦਾ ਸਹਾਰਾ ਤਿਣਕਾ ਬਣ ਕੇ ਤਾਰੀਏ।
ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ।…
ਘਰ ਬੈਠੇ ਹੀ ਸੁਣ ਅਫਵਾਹਾਂ,
ਛੱਡੀਏ ਦੋਸ਼ ਕਿਸੇ ਸਿਰ ਮੜ੍ਹਨਾ,
ਇਹ ਜੰਗਲ ਨੂੰ ਲੱਗੀ ਅੱਗ ਹੈ,
ਇਸ ਵਿੱਚ ਆਪਣਾ ਵੀ ਘਰ ਸੜ੍ਹਨਾ,
ਭਰ ਪਾਣੀ ਨਾਲ਼ ਚੁੰਝ ਨੀਂ ਚਿੜੀਏ ਆਪਣਾ ਹਿੱਸਾ ਠਾਰੀਏ।
ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ।…
ਜੰਗਜ਼ੂ ਬਣ ਕੇ ਜੂਝ ਰਹੇ ਜੋ,
ਆਉ ਉਹਨਾਂ ਨਾਲ ਜੋੜੀਏ ਮੋਢੇ,
ਸਿੱਖੀਏ ਜੂਝਣ ਦੇ ਨਾਲ ਦੁਸ਼ਮਣ,
ਟੇਕ ਦਿੰਦਾ ਏ ਆਪਣੇ ਗੋਡੇ,
ਅੱਗੇ ਹੋ ਕੇ ਲੜੀਏ ਤਾਂ ਸਹੀ ਪਹਿਲਾਂ ਹੀ ਨਾ ਹਾਰੀਏ।
ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ।…
ਜ਼ਾਬਤੇ ਦੇ ਵਿੱਚ ਰਹਿ ਕੇ ਹਰ ਇਕ,
ਜੰਗ ਨੂੰ ਜਿੱਤਿਆ ਜਾ ਸਕਦਾ ਏ,
ਇਹ `ਕਰੋਨਾ` ਚੀਜ਼ ਨਾ ਕੋਈ,
ਮੌਤ ਵੀ ਬੰਦਾ ਹਰਾ ਸਕਦਾ ਏ,
`ਰੰਗੀਲਪੁਰਆ` ਅੱਜ ਲੋੜ ਪਈ ਏ ਦੇਸ਼ ਲਈ ਜਾਨਾਂ ਵਾਰੀਏ ।
ਮਾਨਵਤਾ ਦੇ ਭਲੇ ਲਈ ਸਾਰੇ ਰਲ਼ ਕੇ ਹੰਭਲਾ ਮਾਰੀਏ ।…
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 9855207071