Thursday, November 21, 2024

ਅਲਾਦੀਨ ਦਾ ਚਿਰਾਗ (ਕਹਾਣੀ)

          “ਅਲਾਦੀਨ ਦਾ ਚਿਰਾਗ ਲੱਭ ਗਿਆ, ਲੱਭ ਗਿਆ ਅਲਾਦੀਨ ਦਾ ਚਿਰਾਗ…” ਸੁੱਤਿਆਂ ਉਚੀ-ਉਚੀ ਕਹਿ ਈ ਰਿਹਾ ਸੀ ਕਿ ਮੇਰੀ ਪ੍ਰੋਫ਼ੈਸਰ ਪਤਨੀ ਜੁਗਰੀਤ ਨੇ ਤਿੱਖੀ ਹੁੱਜ ਮਾਰ ਕੇ ਜਗਾ ਦਿੱਤਾ।
        “ਐਵੇਂ ਨਾ ਰਾਤ ਵੇਲੇ ਵੀ ਸੁਪਨੇ ਈ ਲਈ ਜਾਇਆ ਕਰੋ!…ਆਹ ਉਠੋ ਤੇ ਬੈਡ ਟੀ ਬਣਾ ਕੇ ਲਿਆਓ।ਜੇ ਆਪ ਨਈਂ ਬਣਾਉਣੀ, ਤਾਂ ਆਪਣੇ ਸੁਪਨੇ ਵਾਲੇ ਅਲਾਦੀਨ ਦੇ ਚਿਰਾਗ ਨੂੰ ਈ ਕਹੋ ਬਣਾ ਲਿਆਵੇੇ!” -ਪਤਨੀ ਮੇਰੀ ਭਾਵੇਂ ਕੱਬੀ ਬੜੀ, ਪਰ ਘੱਟ ਮੈਂ ਵੀ ਨਹੀਂ।ਚਾਹ ਤਾਂ ਭਾਵੇਂ ਦੋ ਮਿੰਟ ‘ਚ ਤਿਆਰ ਕਰਕੇ ਪਿਆ ਦਿੱਤੀ, ਪਰ ਮੇਰੇ ਹੁੱਜ ਮਾਰ ਕੇ ਤੋੜੇ ਸੁਪਨੇ ਦਾ ਰੰਜ਼ ਐਵੇਂ ਤਾਂ ਸੁੱਕਾ ਈ ਨਈਂ ਜਾਣ ਦਿੰਦਾ ਸਾਂ ਮੈਂ!
           “ਜੁਗਰੀਤ, ਗੱਲ ਧਿਆਨ ਨਾਲ ਸੁਣ!”
          “ਦੱਸੋ”-ਪਤਨੀ ਥੋੜ੍ਹੀ ਉਤਾਵਲੀ ਜਿਹੀ ਹੋ ਗਈ।
          “ਯਕੀਨ ਕਰੀਂ।ਮੇਰੇ ਪਾਸ ਅਲਾਦੀਨ ਦਾ ਚਿਰਾਗ ਹੈਗਾ ਈ”।
          ਮੇਰੀ ਪਤਨੀ ਹੱਸ ਪਈ।ਕਹਿੰਦੀ, “ਇਹ ਉਹੋ ਅਲਾਦੀਨ ਦਾ ਚਿਰਾਗ ਏ ਨਾ, ਜੋ ਮਿਲਣ ‘ਤੇ ਮੂੰਹ-ਮੰਗੀ ਇੱਛਾ ਪੂਰੀ ਹੋ ਜਾਂਦੀ ਏ!”
          “ਆਹੋ”।ਮੈਨੂੰ ਲੱਗਾ ਪਤਨੀ ਸੱਚ ਮੰਨ ਗਈ।
           “ਵਾਹ! ਅੱਗੇ ਰਾਤ ਸੁਪਨਾ ਲੈਣ ਡਏ ਸੀ, ਆਹ ਹੁਣ ਦਿਨੇ ਵੀ ਸੁਪਨੇ ‘ਚ ਈ ਫਿਰਦੇ ਓ ਲਗਦਾ!”- ਪਤਨੀ ਨੇ ਤਿੱਖੀ ਸੁਰ ਵਿੱਚ ਮਜ਼ਾਕੀਆ ਢੰਗ ਨਾਲ ਕਿਹਾ।
“ਲੈ, ਜਿਹੜਾ ਦਿਨੇ ਸੁਪਨਾ ਨਈਂ ਦੇਖਦਾ, ਉਹ ਬੰਦਾ ਈ ਕਾਹਦਾ?” ਅਜੇ ਇਹ ਬੋਲ ਕਹੇ ਈ ਸਨ ਕਿ ਪਤਨੀ ਕਹਿੰਦੀ, “ਦਿਖਾਓ ਭਲਾ ਮੈਨੂੰ ਇਹ ਆਪਣਾ ਅਲਾਦੀਨ ਦਾ ਚਿਰਾਗ!”
             ਪਤਨੀ ਨਾਲ ਭਾਵੇਂ ਵਿਆਹਿਆਂ ਤਿੰਨ ਸਾਲ ਹੋ ਚੁੱਕੇ ਸਨ, ਪਰ ਭਾਵੁਕ ਕਦੇ ਨਈਂ ਹੋਇਆ ਸੀ।ਅੱਜ ਭਾਵੁਕ ਹੋ ਗਿਆ।ਮੇਰੇ ਚਿਹਰੇ ਵੱਲ ਵੇਖ ਕੇ ਪਤਨੀ ਵੀ ਭਾਵੁਕ ਜਿਹੀ ਹੋ ਗਈ।ਹੋਰ ਨੇੜੇ ਹੋ ਕੇ ਦਿਲਾਸਾ ਜਿਹਾ ਦੇਣ ਲੱਗੀ ।
          “ਜੁਗਰੀਤ, ਤੂੰ ਵਿਆਹੀ ਕਿਹਦੇ ਨਾਲ ਏਂ?”
            ਪਤਨੀ ਝੱਟ ਬੋਲੀ, “ਉਸ ਪ੍ਰੋਫ਼ੈਸਰ ਸ਼ਿਵਰਾਜ ਖ਼ਜ਼ੂਰੀਆ ਨਾਲ, ਜੋ ਹਰ ਬੱਚੇ-ਬੁੱਢੇ ਤੇ ਜੁਆਨ ਦੀ ਪਹਿਲੀ ਪਸੰਦ ਬਣ ਚੁੱਕਾ ਏ! ਮੇਰਾ ਰਾਜ ਪ੍ਰੋਫ਼ੈਸਰ!”
“ਜਿਹੜੇ ਆਹ ਪੋਫ਼ੈਸਰ ਨਾਲ ਮਾਣਮੱਤਾ ਵਿਆਹ ਕਰਵਾ ਕੇ ਬੜੀ ਛਾਲ਼ਾਂ ਮਾਰਦੀ ਫਿਰਦੀ ਏਂ ਨਾ ਤੂੰ, ਇਹ ਅਲਾਦੀਨ ਦੇ ਚਿਰਾਗ ਦੀ ਈ ਦੇਣ ਈ!”- ਜਜ਼ਬਾਤੀ ਜਿਹੇ ਲਹਿਜੇ ‘ਚ ਕਿਹਾ।ਪਤਨੀ ਜਜ਼ਬਾਤਾਂ ਦੀ ਕਦਰ ਤਾਂ ਕਰਦੀ ਸੀ, ਪਰ ਮੇਰੀ ਗੱਲ ਨੂੰ ਅਜੇ ਸਮਝ ਈ ਨਹੀਂ ਰਹੀ ਸੀ।
            “ਲੈ ਸੁਣ ਫਿਰ ਮੇਰੇ ਅਲਾਦੀਨ ਦੇ ਚਿਰਾਗ ਦੀ ਦਾਸਤਾਨ”।- ਮੈਂ ਪਤਨੀ ਨੂੰ ਕਿਹਾ।ਉਹ ਕੋਲ ਬੈਠੀ “ਹੂੰ ਹੂੰ” ਕਰਦੀ ਸੁਣੀ ਜਾਏ।
“ਗਰੀਬੀ ‘ਚ ਤਿੰਨ ਭੈਣਾਂ ਬਾਅਦ ਪੈਦਾ ਹੋਇਆ।…ਘਰ ਦੇ ਸਾਰੇ ਜੀਅ ਗੋਰੇ…ਪਰ ਮੇਰਾ ਰੰਗ ਮੇਰੇ ਬਾਪ ‘ਤੇ ਚਲਾ ਗਿਆ-ਕਾਲ਼ਾ।…ਸਾਰੇ ਘਰ ਦੇ ਖੁਸ਼ ਬੜੇ।ਮੁੰਡਾ ਆਇਆ, ਮੁੰਡਾ ਆਇਆ।…ਨਾਨਕੇ ਵੀ ਆਏ।ਕਹਿੰਦੇ, “ਲੈ ਸਾਡੇ ਘਰ ਪਹਿਲੀ ਵਾਰੀ ਕੋਈ ਮੁੰਡਾ ਆਇਆ, ਰੰਗੋਂ ਕਾਲ਼ਾ”।ਨਾਨਕਿਆਂ ਚਾਈਂ-ਚਾਈਂ ਨਾਂ ਰੱਖ ਦਿੱਤਾ-ਸ਼ਿਵਰਾਜ।ਬਾਣੀਆਂ ਦਾ ਪੁੱਤ ਸੀ…ਪਿੰਡ ‘ਚ ਕਿਹੜਾ ਕਹੇ ਇਹ ਸ਼ਿਵਰਾਜ ਏ? ਜਿਹੜਾ ਕਹੇ “ਕਾਲ਼ਾ ਆਇਆ, ਕਾਲ਼ਾ ਆਇਆ”।ਮੇਰਾ ਨਾਂ ਪੈ ਗਿਆ- ਕਾਲ਼ਾ।
         “ਅੱਛਾ! ਏਹਦਾ ਮਤਲਬ ਕਾਲ਼ਾ ਕਰਮਾਂ ਵਾਲ਼ਾ”।ਦਿਲਾਸੇ ਜਿਹੇ ਲਹਿਜ਼ੇ ‘ਚ ਪਤਨੀ “ਹੂੰ-ਹੂੰ” ਕਰਦੀ ਬੋਲੀ।
           “ …ਗੁਆਂਢੀਆਂ ਨੇ ਵੀ ਤੰਗ ਬਹੁਤ ਕੀਤਾ ਮੈਨੂੰ।ਉਹ ਝਿਊਰ ਸਨ।ਮਜ਼ਾਕੀਆ ਲਹਿਜੇ ‘ਚ ਅਕਸਰ ਈ ਕਹਿ ਛੱਡਦੇ, “ਉਹ ਤੂੰ ਗੋਰਾ ਬਾਣੀਆਂ ਨਈਂ ਲਗਦੈ, ਤੂੰ ਤਾਂ ਸਾਡਾ ਝਿਊਰ ਪੁੱਤ ਲਗਦੈਂ! ਤੈਨੂੰ ਤਾਂ ਅਸੀਂ ਈ ਲੈ ਜਾਣਾ!”…ਮਾਂ ਨੂੰ ਦੱਸਦਾਂ, ਤਾਂ ਉਹ ਵੀ ਮਜ਼ਾਕ ‘ਚ “ਮੇਰਾ ਕਾਲ਼ਾ ਸੋਹਣਾ ਪੁੱਤ” ਕਹਿ ਕੇ ਟਾਲ਼ ਦਿੰਦੀ।…ਬੱਸ ਦਾਦੀ ਮੇਰੀ ਮੇਰੇ ਲਈ ਪਿੰਡ ਦੇ ਜੀਅ ਜੀਅ ਨਾਲ ਲੜਦੀ।…ਕਹਿੰਦੀ , “ਮੇਰੇ ਸੋਨੇ ਨੂੰ ਕਾਲ਼ਾ ਨਈਂ ਕਹਿਣਾ, ਏਹ ਮੇਰਾ ਰੱਬ-ਰੱਖਾ ਗੋਰਾ ਏ ਗੋਰਾ”! ਅੱਗੇ ਪਿੰਡ ‘ਚ ਮੇਰਾ ਨਾਂ ਕਾਲ਼ਾ ਪੱਕ ਗਿਆ ਸੀ, ਦਾਦੀ ਦੀ ਲੜਾਈ ਤੋਂ ਬਚਦਿਆਂ ਕਈਆਂ ਨੇ ਮੇਰਾ ਨਾਂ ਗੋਰਾ ਪਾ ਦਿੱਤਾ।…ਮਨ ਹੀ ਮਨ ਦੁਖੀ ਬਹੁਤ ਸਾਂ।…ਬਚਪਨ ਦੇ ਸਮੇਂ ‘ਚ ਈ ਟੈਲੀਵਿਜ਼ਨ ‘ਤੇ ਇੱਕ ਨਾਟਕ ਆਉਂਦਾ ਹੁੰਦਾ ਸੀ ‘ਅਲਾਦੀਨ ਦਾ ਚਿਰਾਗ’।ਮੇਰਾ ਮਨਪਸੰਦ ਨਾਟਕ ਸੀ ਤੇ ਲਗਾਤਾਰ ਦੇਖਦਾ ਸਾਂ।…”
            “ਹਾਂ, ਹੁਣ ਸਮਝੀ ਮੈਂ! ਏਹ ਅਲਾਦੀਨ ਦਾ ਚਿਰਾਗ ਤੁਹਾਨੂੰ ਓਸ ਨਾਟਕ ਨੇ ਦਿੱਤਾ ਏ!”-ਪਤਨੀ ਹੁੰਗਾਰਾ ਦਿੰਦਿਆਂ ਬੋਲੀ।
           “ਯਾਰ ਸੁਣ ਵੀ ਲੈ ਸਾਰਾ ਕੁਝ”
“ਹਾਂ-ਹਾਂ, ਸੁਣਾਓ!”
             “…ਓਸ ਨਾਟਕ ‘ਚ ਇੱਕ ਮੇਰੇ ਵਰਗਾ ਬੱਚਾ ਸੀ।ਉਹ ਅਲਾਦੀਨ ਦਾ ਚਿਰਾਗ ਹੱਥ ਵਿੱਚ ਲੈ ਕੇ ਉਸ ‘ਤੇ ਹੱਥ ਫੇਰਦਾ ਤਾਂ ਇੱਕ ਵੱਡਾ ਜਿਹਾ ਜਿੰਨ ਉਸ ਵਿੱਚੋਂ ਨਿਕਲਦਾ ਤੇ ਕਹਿੰਦਾ ‘ਬੋਲ ਬੱਚਾ ਬੋਲ…ਕੀ ਆਵੇ?’…ਉਹ ਜੋ ਮੰਗਦਾ, ਉਹ ਹਾਜ਼ਰ ਹੋ ਜਾਂਦਾ।…ਤੇ ਮੈਂ ਉਦੋਂ ਤੋਂ ਈ ਅਲਾਦੀਨ ਦਾ ਚਿਰਾਗ ਚਾਹੁੰਦਾ ਸੀ, ਤਾਂ ਜੋ ਮੂੰਹ ਮੰਗੀ ਚੀਜ਼ ਪਾ ਸਕਦਾ।…ਮਿਲੇ ਕਿੱਥੋਂ? ਦੱਸੇ ਕੋਈ ਨਾ।…ਇੱਕ ਦਿਨ ਦਾਦੀ ਨਾਲ ਬਾਤਾਂ ਸੁਣਦਿਆਂ ਜ਼ਿਦ ਕਰ ਬੈਠਾ।…ਕਹਿੰਦੀ , ‘ਮੇਰੇ ਗੋਰੇ ਪੁੱਤ, ਰੱਬ ਦਿੰਦਾ ਇਹ ਅਲਾਦੀਨ ਦਾ ਚਿਰਾਗ! ਬੱਸ, ਮਿਹਨਤ ਕਰੀ ਜਾ।ਰੱਬ ਆਪੇ ਦੇਵੂ!’…ਦਾਦੀ ਦੀ ਕਹੀ ਗੱਲ ਘਰ-ਕਰ ਗਈ।ਦਿਨ-ਰਾਤ ਇੱਕ ਕਰੀ ਗਿਆ।ਹਰ ਰੋਜ਼ ਰੱਬ ਤੋਂ ਅਰਦਾਸ ਕਰਕੇ ਅਲਾਦੀਨ ਦਾ ਚਿਰਾਗ ਮੰਗਦਾ।…ਪਿੰਡ ਦੇ ਸਰਕਾਰੀ ਸਕੂਲ ‘ਚੋਂ ਮਿਹਨਤ ਕਰ-ਕਰ ਕੇ ਪਹਿਲਾ ਦਰਜ਼ਾ ਲੈ ਗਿਆ।ਇਸੇ ਤਰਾਂ ਅੱਠਵੀਂ ਤੇ ਦਸਵੀਂ ਚੋਂ ਵੀ ਅੱਵਲ ਦਰਜੇ ਨਾਲ ਪਾਸ ਹੋ ਗਿਆ।…ਪਿੰਡ ਦੇ ਲੋਕਾਂ ‘ਚ ਚਰਚਾ ਹੋਣ ਲੱਗੀ।ਕੋਈ ਕਹਿੰਦਾ ਗੋਰਾ ਕਮਾਲ ਆ।ਕੋਈ ਕਹਿੰਦਾ ਕਾਲ਼ਾ ਕਮਾਲ ਆ”।
           ਪਤਨੀ ਬੋਲੀ, “ਫਿਰ ਕੀ ਹੋਇਆ?”
            “ਫਿਰ…ਮੈਨੂੰ ਭੁੱਲ ਗਿਆ ਕਿ ਮੈਂ ਕਾਲ਼ਾ ਆਂ! ਲੋਕ ਵੀ ਭੁੱਲਦੇ ਗਏ ਕਿ ਓਹ ਕਾਲ਼ਾ ਏ।ਬੱਸ, ਦਿਨ-ਰਾਤ ਦਾਦੀ ਦੇ ਕਹੇ ਅਨੁਸਾਰ ਇੱਕ ਈ ਕਰੀ ਰੱਖਿਆ।ਅਲਾਦੀਨ ਦੇ ਚਿਰਾਗ ਦੀ ਭਾਲ ਦੀ ਤਪੱਸਿਆ ‘ਚ ਪਿੰਡ ਦਾ ਨਾਮੀ ਹਾਕੀ ਦਾ ਖਿਡਾਰੀ ਵੀ ਬਣ ਗਿਆ।…ਕਾਲਜ ਦਾਖ਼ਲ ਹੋਇਆ।ਗਿਆਰਵੀਂ ਤੋਂ ਐਮ.ਏ ਤਕ ਅੱਵਲ ਦਰਜੇ ਵਿੱਚ ਈ ਰਿਆਂ।ਕਾਲਜ ਦਾ ਪ੍ਰਧਾਨ ਵੀ ਬਣਾ ‘ਤਾ।…ਪਿੰਡ ਵਾਲੇ ਕਹਿੰਦੇ ਸਾਡਾ ਪਾੜ੍ਹਾ ਪਿੰਡ ਦਾ ਨਾਂ ਰੌਸ਼ਨ ਕਰੀ ਜਾਂਦਾ।ਪਿੰਡ ਆਉਂਦਾ ਤਾਂ ਹੱਥਾਂ ‘ਤੇ ਚੁੱਕ ਲੈਂਦੇ।ਇਹੀ ਕਹਿੰਦੇ ਆਪਣੇ ਇਆਣਿਆਂ ਨੂੰ ‘ਕੁਝ ਬਣਨਾ ਜੇ ਤਾਂ ਆਪਣੇ ਪਿੰਡ ਦੇ ਕਾਲ਼ੇ ਵਰਗੇ ਬਣਜੋ!’…ਕਾਲਜ ‘ਚ ਮੇਰੀ ਚੜ੍ਹਤ ਸ਼ਿਵਰਾਜ ਖ਼ਜ਼ੂਰੀਆ ਵਜੋਂ ਹੋਈ।ਪੰਦਰਾਂ ਵੀਹ ਕੁੜੀਆਂ ਨੇ ਤਾਂ ਵਿਆਹ ਦੀ ਪੇਸ਼ਕਸ਼ ਵੀ ਸਿੱਧੀ ਕਰ ਦਿੱਤੀ।ਦੋ-ਚਾਰ ਕਹਿੰਦੀਆਂ ਕਿ ਘਰ ਵਾਲੇ ਮਿਲ਼ਣ ਤਾਂ ਸ਼ਿਵਰਾਜ ਵਰਗੇ!”
             ਪਤਨੀ ਥੋੜ੍ਹੀ ਚਿੜ ਗਈ।“ਕਰਾ ਲੈਣਾ ਸੀ ਫਿਰ ਓਹਨਾਂ ਨਾਲ ਈ…ਮੈਂ ਨਾ ਕਰਾਉਂਦੀ ਫਿਰ!”
            “ਜੁਗਰੀਤ, ਉਹ ਮੈਂ ਤਾਂ ਉਹਨਾਂ ਦੀ ਪਰਵਾਹ ਈ ਨਈਂ ਕੀਤੀ।ਮੇਰੀ ਮੰਜ਼ਿਲ ਮੇਰੀ ਮਿਹਨਤ ਈ ਸੀ।ਏਸ ਰਸਤੇ ‘ਤੇ ਚੱਲਦਿਆਂ ਮੈਂ ਕਦੇ ਕਿਸੇ ਨਾਲ ਇਸ ਤੋਂ ਭਟਕਣ ਦਾ ਸਮਝੌਤਾ ਕੀਤਾ ਈ ਨਈਂ।…ਸਾਰੀਆਂ ਪਰੀਖਿਆਵਾਂ ਅੱਵਲ ਰਹਿ ਕੇ ਸਰਕਾਰ ਦੇ ਵਜ਼ੀਫ਼ਿਆਂ ਨਾਲ ਸਰ ਕਰ ਲਈਆਂ ਤੇ ਫਿਰ ਆਹ ਤੇਰੇ ਵਾਲੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਲਗ ਗਿਆਂ।…ਦਸ ਵਾਰ ਵਿਦੇਸ਼ਾਂ ‘ਚੋਂ ਹੋ ਆਇਆਂ! ਕਮੀਂ ਕਿਸੇ ਚੀਜ਼ ਦੀ ਨਈਂ! ਜੋ ਮੰਗਦਾਂ ਸਿਰਤੋੜ ਮਿਹਨਤ ਦੇ ਨਿਸ਼ਚੇ ਰਾਹੀਂ ਪਾ ਲੈਂਦਾ ਹੁਣ! ਸਭ ਭੁੱਲ ਗਏ ਕਿ ਕਾਲ਼ਾ ਕੌਣ ਏ।ਹਰ ਆਮ-ਖ਼ਾਸ ਇਹੀ ਕਹਿੰਦਾ ਸੁਣਿਆ, “ਜੇ ਕੁਝ ਬਣਨਾ ਈ ਜੇ, ਤਾਂ ਪ੍ਰੋਫ਼ੈਸਰ ਖ਼ਜ਼ੂਰੀਏ ਵਰਗੇ ਬਣੋ!”
              “ਅੱਛਾ, ਤੇ ਫਿਰ ਕਿੱਥੇ ਗਿਆ ਤੁਹਾਡਾ ਆਲਦੀਨ ਦਾ ਚਿਰਾਗ?”-ਪਤਨੀ ਨੇ ਥੋੜ੍ਹਾ ਮਜ਼ਾਕੀਆ ਲਹਿਜ਼ੇ ‘ਚ ਫਿਰ ਵਿਅੰਗ ਕੱਸ ‘ਤਾ।
            “ਜੁਗਰੀਤ, ਹੁਣ ਮੈਨੂ ਮੇਰਾ ਅਲਾਦੀਨ ਦਾ ਚਿਰਾਗ ਮਿਲ ਗਿਆ ਏ!…ਜੋ ਉਸ ਤੋਂ ਮੰਗਦਾਂ, ਮਿਲੀ ਜਾਂਦਾ!”
            “ਕਿੱਥੇ ਆ? ਜ਼ਰਾ ਮੈਨੂੰ ਵੀ ਤਾਂ ਦਿਖਾਓ!”-ਪਤਨੀ ਨੇ ਤੀਬਰਤਾ ਨਾਲ ਕਿਹਾ।
              ਮੈਂ ਵੀ ਫਿਰ ਦਿਖਾ ਈ ਦਿੱਤਾ ਆਪਣੀ ਪਤਨੀ ਨੂੰ ਇਹ ਅਲਾਦੀਨ ਦਾ ਚਿਰਾਗ।“ਲੈ ਖੋਲ੍ਹ ਮੇਰੀ ਬੰਦ ਮੁੱਠ! ਏਸੇ ‘ਚ ਈ ਆ ਮੇਰਾ ਅਲਾਦੀਨ ਦਾ ਚਿਰਾਗ!”
              ਮੇਰੀ ਮੁੱਠੀ ਖੁੱਲ੍ਹਦੇ ਸਾਰ ਈ ਮੇਰੀਆਂ ਹੱਥਾਂ ਦੀਆਂ ਲਕੀਰਾਂ ‘ਤੇ ਮੇਰੇ ਵੱਲੋਂ ਲਾਲ ਰੰਗ ਨਾਲ ਲਿਖੇ “ਮੇਰੀ ਮਿਹਨਤ” ਦੇ ਸ਼ਬਦ ਪੜ੍ਹਕੇ ਮੇਰੀ ਪਤਨੀ ਮੈਨੂੰ ਪਿਆਰ ਨਾਲ ਗਲ਼ੇ ਲਾ ਲੈਂਦੀ ਹੈ।

Paramjit Kalsi Btl

 

 

 

ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਊਧਨਵਾਲ, ਜ਼ਿਲਾ ਗੁਰਦਾਸਪੁਰ।
ਮੋ – 7068900008

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …