ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਘੇ ਬਾਲੀਵੁਡ ਹੀਰੋ ਰਿਸ਼ੀ ਕਪੂਰ ਦਾ ਅੱਜ 67 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।ਉਹਨਾਂ ਨੂੰ ਕੱਲ ਇਲਾਜ਼ ਲਈ ਮੁੰਬਈ ਦੇ ਸਰ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਜਿਥੇ ਸਵੇਰ ਤਕਰੀਬਨ 8.45 ‘ਤੇ ਉਨਾਂ ਨੇ ਆਪਣਾ ਆਖਰੀ ਸਾਹ ਲਿਆ।ਇਸ ਸਮੇਂ ਉਨਾਂ ਦੀ ਪਤਨੀ ਤੇ ਬਾਲੀਵੁੱਡ ਹੀਰੋਇਨ ਨੀਤੂ ਕਪੂਰ ਉਨਾਂ ਦੇ ਨਾਲ ਸਨ।ਰਣਧੀਰ ਕਪੂਰ ਨੇ ਆਪਣੇ ਛੋਟੇ ਭਰਾ ਰਿਸ਼ੀ ਕਪੂਰ ਦੀ ਮੌਤ ਦੀ ਖਬਰ ਮੀਡੀਆ ਨੂੰ ਦਿੱਤੀ।
ਇੱਕ ਦਿਨ ਪਹਿਲਾਂ ਫਿਲਮੀ ਕਲਾਕਾਰ ਇਰਫਾਨ ਖਾਨ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਅੱਜ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਉਨਾਂ ਦੇ ਪਰਿਵਾਰ ਤੋਂ ਇਲਾਵਾ ਫਿਲਮ ਸਿਟੀ ਮੁੰਬਈ ਅਤੇ ਪੁਰੇ ਦੇਸ਼ ਵਿੱਚ ਉਨਾਂ ਦੇ ਪ੍ਰਸੰਸਕਾਂ ਵਿੱਚ ਗਮ ਦੀ ਲਹਿਰ ਹੈ।
ਕਈ ਉਘੀਆਂ ਫਿਲਮੀ ਹਸਤੀਆਂ ਤੋਂ ਇਲਾਵਾ ਸਿਆਸੀ ਆਗੂਆਂ ਨੇ ਵੀ ਰਿਸ਼ੀ ਕਪੂਰ ਦੇ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰ ਕੇ ਰਿਸ਼ੀ ਕਪੂਰ ਦੀ ਮੌਤ ‘ਤੇ ਅਫਸੋਸ ਜਤਾਇਆ ਹੈ।ਉਘੇ ਬਾਲੀਵੁੱਡ ਕਲਾਕਾਰ ਅਮਿਤਾਭ ਬਚਨ ਨੇ ਆਪਣੇ ਦੋਸਤ ਦੇ ਚਲਾਣੇ ਨੂੰ ਵੱਡਾ ਘਾਟਾ ਦੱਸਿਆ ਹੈ।
ਕਪੂਰ ਖਾਨਦਾਨ ਦੇ ਫਰਜ਼ੰਦ ਰਿਸ਼ੀ ਕਪੂਰ ਫਿਲਮੀ ਸ਼ੋਅਮੈਨ ਵਜੋਂ ਪ੍ਰਸਿੱਧ ਰਾਜ ਕਪੂਰ ਦੇ ਬੇਟੇ ਅਤੇ ਪ੍ਰਿਥਵੀ ਰਾਜ ਕਪੂਰ ਦੇ ਪੋਤੇ ਸਨ।ਜਿਥੇ ਉਨਾਂ ਦੇ ਦਾਦਾ ਤੇ ਪਿਤਾ ਮਹਾਨ ਫਿਲਮੀ ਕਲਾਕਾਰ ਸਨ ਉਥੇ ਉਨਾਂ ਦਾ ਬੇਟਾ ਰਣਬੀਰ ਕਪੂਰ ਵੀ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ।ਰਿਸ਼ੀ ਕਪੂਰ ਨੇ ਆਪਣੇ ਪਿਤਾ ਦੀ ਫਿਲਮ ‘ਮੇਰਾ ਨਾਮ ਜੌਕਰ’ ਨਾਲ ਬਾਲ ਕਲਾਕਾਰ ਵਜੋਂ ਫਿਲਮੀ ਖੇਤਰ ‘ਚ ਕਦਮ ਰੱਖਿਆ।ਜਦਕਿ 1973 ‘ਚ ਬਣੀ ਰੁਮਾਂਟਿਕ ਫਿਲਮ ਬੌਬੀ ਵਿੱਚ ਹੀਰੋਇਨ ਡਿੰਪਲ ਕਪਾਡੀਆ ਨਾਲ ਉਨਾਂ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ ਸੀ ਅਤੇ ਉਨਾਂ ਨੂੰ ਬੈਸਟ ਐਕਟਰ ਦੇ ਫਿਲਮਵੇਅਰ ਐਵਾਰਡ ਨਾਲ ਵੀ ਨਿਵਾਜ਼ਿਆ ਗਿਆ।ਰਿਸ਼ੀ ਕਪੂਰ ਦਾ ਅੰਤਿਮ ਸਸਕਾਰ ਚੰਦਨਵਾੜੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾ ਰਿਹਾ ਹੈ, ਜਿਥੇ ਕਰੋਨਾ ਵਾਇਰਸ ਦੇ ਚੱਲਦਿਆਂ ਕੇਵਲ ਕਪੂਰ ਪਰਿਵਾਰ ਦੇ ਮੈਂਬਰ ਮੌਜੂਦ ਰਹਿਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …