ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਦਿੱਤੀ ਵਧਾਈ
ਅੰਮਿਤਸਰ, 1 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਕਟ ਦੇ ਦਿਨਾਂ ਵਿਚ ਖੁਸ਼ੀ ਵਾਲੀ ਖਬਰ ਹੈ ਕਿ ਕੋਵਿਡ 19 ਤੋਂ ਪੀੜਤ ਜ਼ਿਲ੍ਹੇ ਦੇ ਦੋ ਮਰੀਜ਼ਾਂ ਨੇ ਕੋਰੋਨਾ ਨੂੰ
ਹਰਾ ਕੇ ਜਿੰਦਗੀ ਦੀ ਜੰਗ ਜਿੱਤੀ ਹੈ।ਇੰਨਾਂ ਵਿਚੋਂ ਇਕ ਹੈ ਪਿੰਡ ਗੁਰੂ ਕੀ ਵਡਾਲੀ ਦਾ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ ਜਿਲ੍ਹੇ ਦਾ ਕੋਵਿਡ 19 ਦਾ ਪਹਿਲਾ ਮਰੀਜ਼ ਹੈ।ਉਹ 23 ਮਾਰਚ ਨੂੰ ਸ਼ਤਾਬਦੀ ਰੇਲ ਰਾਹੀਂ ਨਵੀਂ ਦਿੱਲੀ ਤੋਂ ਆਉਂਦੇ ਵਕਤ ਹੀ ਕੋਵਿਡ-19 ਦੇ ਲੱਛਣਾਂ ਕਾਰਨ ਸਿੱਧਾ ਗੁਰੂ ਨਾਨਕ ਹਸਪਤਾਲ ਪਹੁੰਚ ਗਿਆ ਸੀ ਅਤੇ ਉਥੇ ਹੀ ਉਸਦਾ ਇਲਾਜ਼ ਚੱਲਦਾ ਰਿਹਾ। ਦੂਸਰੇ ਹਨ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਰਹੇ ਭਾਈ ਦਰਸ਼ਨ ਸਿੰਘ, ਜੋ ਕਿ 2 ਅਪ੍ਰੈਲ ਨੂੰ ਭਾਈ ਖਲਾਸੇ ਦੇ ਸੰਪਰਕ ਵਿਚ ਹੋਣ ਕਾਰਨ ਕੋਵਿਡ ਦਾ ਸ਼ਿਕਾਰ ਹੋਏ ਅਤੇ ਉਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।60 ਸਾਲਾ ਭਾਈ ਦਰਸ਼ਨ ਸਿੰਘ ਨੇ ਵੀ ਕੋਰੋਨਾ ਰੂਪੀ ਮਹਾਂਮਾਰੀ ਨੂੰ ਪਟਕਾ ਕੇ ਮਾਰਿਆ ਹੈ ਅਤੇ ਅੱਜ ਹਸਪਤਾਲ ਤੋਂ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਵਿਸ਼ੇਸ਼ ਗੱਲ ਇਹ ਹੈ ਕਿ 60 ਸਾਲਾ ਦਰਸ਼ਨ ਸਿੰਘ 2 ਅਪ੍ਰੈਲ ਤੋਂ ਲੈ ਕੇ ਅੱਜ ਭਾਵ 30 ਅਪ੍ਰੈਲ ਤੱਕ ਹਸਪਤਾਲ ਦਾਖਲ ਰਹੇ ਅਤੇ ਉਨਾਂ ਕੋਰੋਨਾ ਨੂੰ ਹਰਾਉਣ ਵਿਚ 28 ਦਿਨ ਲਗਾਏ, ਜਦਕਿ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ 23 ਮਾਰਚ ਤੋਂ ਲੈ ਕੇ ਲਗਾਤਾਰ ਅੱਜ ਤੱਕ ਹਸਪਤਾਲ ਰਹੇ ਅਤੇ ਉਨਾਂ 41 ਦਿਨ ਵਿਚ ਇਹ ਜੰਗ ਜਿੱਤੀ।ਭਾਵੇਂ ਕਿ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਵਿਚ ਕੋਈ ਸਮੱਸਿਆ ਸਰੀਰਕ ਤੌਰ ‘ਤੇ ਨਹੀਂ ਆਈ, ਪਰ ਉਨਾਂ ਦਾ ਟੈਸਟ ਲਗਾਤਾਰ ਪੌਜ਼ਿਟਵ ਆਉਂਦਾ ਰਿਹਾ ਹੋਣ ਕਾਰਨ ਉਨਾਂ ਨੂੰ ਛੁੱਟੀ ਨਹੀਂ ਦਿੱਤੀ ਜਾ ਸਕੀ, ਉਨਾਂ ਦੇ 5 ਵਾਰ ਮੈਡੀਕਲ ਟੈਸਟ ਕੀਤਾ ਗਿਆ।ਘਰ ਰਵਾਨਾ ਹੋਣ ਮਗਰੋਂ ਉਨਾਂ ਕਿਹਾ ਕਿ ਇਥੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਅਤੇ ਖਾਣੇ ਦਾ ਵੀ ਬਰਾਬਰ ਧਿਆਨ ਰੱਖਿਆ।ਉਨਾਂ ਡਾ. ਰਾਜ ਕੁਮਾਰ ਵੇਰਕਾ ਤੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜੋ ਕਈ-ਕਈ ਵਾਰ ਫੋਨ ਕਰਕੇ ਉਨਾਂ ਦੀ ਖਬਰ ਲੈਂਦੇ ਰਹੇ।ਇਸੇ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ 29 ਅਤੇ 30 ਅਪ੍ਰੈਲ ਨੂੰ ਮੈਡੀਕਲ ਟੈਸਟ ਨੈਗੇਟਿਵ ਆਉਣ ਮਗਰੋਂ ਇੰਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਵੀ ਉਨਾਂ ਨੂੰ ਫੋਨ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਸਪਤਾਲ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਡਾਕਟਰਾਂ ਨੇ ਫੁੱਲਾਂ ਦਾ ਗੁਲਦਸਤਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਹਾਇਕ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਫੁੱਲ ਅਤੇ ਸੈਨੇਟਾਇਜ਼ਰ ਦਾ ਵੱਡਾ ਪੈਕ ਦੇ ਕੇ ਦਰਸ਼ਨ ਸਿੰਘ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਡਾ. ਵਰੁਣ ਵਿਸ਼ਕਰਨਾ, ਦਿਨੇਸ਼, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਡਾਕਟਰ ਸ੍ਰੀਮਤੀ ਵੀਨਾ ਚਤਰਥ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਡਾ. ਸ਼ਿਵਚਰਨ, ਡਾ. ਸਤਪਾਲ, ਡਾ. ਅਵਤਾਰ ਸਿੰਘ ਧੰਜੂ, ਡਾ. ਸਵਿੰਦਰ ਸਿੰਘ ਸਲਵਾਨ, ਡਾ. ਮਦਨ ਮੋਹਨ ਆਦਿ ਹਾਜ਼ਰ ਸਨ।