ਲੌਂਗੋਵਾਲ, 1 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾਗਾਗਾ ਨੇੜਲੇ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਦੇ ਜ਼ੰਮਪਲ ਅਤੇ ਪਿਛਲੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿੰਦਿਆਂ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਰੋਲ ਨਿਭਾਅ ਕੇ ਵੱਖਰੀ ਪਹਿਚਾਣ ਬਣਾ ਚੁੱਕੇ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਫੈਲ ਚੁੱਕੀ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਸ ਦੌਰਾਨ ਆਸਟ੍ਰੇਲੀਆ ‘ਚ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਹੁਤ ਸਾਰੇ ਸਮਾਜ ਸੇਵੀ ਆਪਣੇ ਤੌਰ ਤੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ ਪਰ ਹੁਣ ਇੰਟਰਨੈਸ਼ਨਲ ਸਟੂਡੈਂਟ ਹੈਲਪ ਆਰਗੇਨਾਈਜੇਸ਼ਨ ਵਲੋਂ ਸਾਰੇ ਲੋੜਵੰਦਾਂ ਅਤੇ ਮਦਦ ਕਰਨ ਵਾਲਿਆਂ ਨੂੰ ਇੱਕ ਪਲੇਟਫਾਰਮ ‘ਤੇ ਲਿਆਂਦਾ ਗਿਆ ਹੈ।ਉਨ੍ਹਾਂ ਕਿਹਾ ਕਿ ਕੋਵਿਡ -19 ਮਹਾਂਮਾਰੀ ਕਾਰਨ ਇਸ ਔਖੀ ਘੜੀ ਇੰਟਰਨੈਸ਼ਨਲ ਸਟੂਡੈਂਟ ਹੈਲਪ ਆਰਗੇਨਾਈਜੇਸ਼ਨ ਦੀ ਟੀਮ ਵਲੋਂ www.ishoa.com.au ਵੈਬਸਾਈਟ ਅਤੇ ਫੇਸਬੁੱਕ ਪੇਜ ਲਾਂਚ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਦਦ ਲਈ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।ਜਿਸ ਦਾ ਸੁਪਨਾ ਹੈ ਕਿ ਇਸ ਧਰਤੀ `ਤੇ ਆਇਆ ਕਿਸੇ ਵੀ ਮਾਂ ਦਾ ਪੁੱਤ ਜਾਂ ਧੀ ਇਸ ਮਹਾਂਮਾਰੀ ਦੇ ਸੰਤਾਪ ਕਾਰਨ ਭੁੱਖਾ ਜਾਂ ਬਿਨਾਂ ਛੱਤ ਤੋਂ ਨਾ ਸੌਵੇ ਜਾਂ ਆਪਣੇ ਸੁਪਨੇ ਮਧੋਲ ਕੇ ਵਾਪਸ ਜਹਾਜ ਨਾ ਚੜ੍ਹ ਜਾਵੇ।ਉਨ੍ਹਾਂ ਕਿਹਾ ਕਿ ਆਰਗੇਨਾਈਜੇਸ਼ਨ ਦੀ ਟੀਮ ਵਿੱਚ ਮਾਈਗ੍ਰੇਸ਼ਨ ਏਜੰਟ, ਅਕਾਊਂਟੈਂਟ, ਵਕੀਲ ,ਰੈਸਟੋਰੈਂਟ ਅਤੇ ਗਰੌਸਰੀ ਸਟੋਰ ਮਾਲਕਾਂ ਤੇ ਹੋਰ ਸਾਰੇ ਵਲੰਟੀਅਰ ਵਲੋਂ ਬਿਨਾਂ ਕਿਸੇ ਮੁਨਾਫੇ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੁਫਤ ਸੇਵਾਵਾਂ ਦੇਣ ਲਈ ਵਚਨਬੱਧ ਹੋਣਗੇ।ਤਾਂ ਜੋ ਸੱਤ-ਸਮੁੰਦਰੋਂ ਪਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਫਿਕਰ ਵਿੱਚ ਤੜਪਦੇ ਮਾਪਿਆਂ ਦੀ ਚਿੰਤਾ ਘੱਟ ਸਕੇ।ਇਹ ਟੀਮ ਸਮੇਂ ਸਮੇਂ ਤੇ ਲੋੜ ਅਨੁਸਾਰ ਕੇਂਦਰ ਤੇ ਸੂਬਾ ਸਰਕਾਰਾਂ ਨਾਲ ਰਾਬਤਾ ਰੱਖੇਗੀ।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ www.ishoa.com.au ‘ਤੇ ਜਾ ਕੇ ਕੋਵਿਡ-19 ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਇੰਟਰਨੈਸ਼ਨਲ ਸਟੂਡੈਂਟ ਸੈਕਸ਼ਨ ਭਰਨ। ਸੰਸਥਾ ਦੀ ਟੀਮ 24 ਘੰਟਿਆਂ ‘ਚ ਉਨਾਂ ਨਾਲ ਸੰਪਰਕ ਕਰੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …