ਪਠਾਨਕੋਟ, 1 ਮਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਜਿਲ੍ਹੇ ਦੇ ਚਾਰ ਇੰਟਰ-ਸਟੇਟ ਨਾਕਿਆਂ ‘ਤੇ ਪੁਲਿਸ ਦੇ ਨਾਲ-ਨਾਲ ਸਰਕਾਰੀ ਸਕੁਲਾਂ ਦੇ ਅਧਿਆਪਕ ਵੀ
ਹੁਣ ਆਉਣ ਜਾਣ ਵਾਲੇ ਲੋਕਾਂ ਦੀ ਸਿਹਤ ਦੀ ਜਾਂਚ ਵਿਚ ਸਹਿਯੋਗ ਕਰਨਗੇ ਅਤੇ ਇਸ ਦੀ ਰਿਪੋਰਟ ਰੋਜ਼ਾਨਾ ਇਕ ਐਕਸਲ ਸ਼ੀਟ ਵਿੱਚ ਡੀ.ਸੀ ਪਠਾਨਕੋਟ ਨੂੰ ਭੇਜਣਗੇ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਬੀਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਨੇ ਮਾਧੋਪੁਰ ਨਾਕੇ ‘ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਡਿਉਟੀ ‘ਤੇ ਮੌਜ਼ੂਦ ਅਧਿਆਪਕਾਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਜਿਥੇ ਸਿੱਖਿਆ ਵਿਭਾਗ ਬੱਚਿਆਂ ਅਤੇ ਜਿਲ੍ਹੇ ਦੀ ਜਨਤਾ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਪੋਸਟਰ ਅਤੇ ਵੀਡੀਓ ਬਣਾ ਕੇ ਜਾਗਰੂਕ ਕਰਦੇ ਹੋਏ ਇਸ ਜੰਗ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਦੇ ਆਦੇਸ਼ਾਂ ‘ਤੇ 120 ਅਧਿਆਪਕਾਂ ਨੂੰ ਵੱਖ-ਵੱਖ ਇੰਟਰ ਸਟੇਟ ਨਾਕਿਆਂ ‘ਤੇ ਤੈਨਾਤ ਕੀਤਾ ਗਿਆ ਹੈ।ਇਹ ਅਧਿਆਪਕ 8-8 ਘੰਟਿਆਂ ਦੀਆਂ 3 ਸ਼ਿਫਟਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ।ਇਹ ਅਧਿਆਪਕ ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਤੋਂ ਆਉਣ ਦਾ ਕਾਰਨ, ਆਉਣ-ਜਾਣ ਦਾ ਸਮਾਂ, ਗੱਡੀ ਨੰਬਰ ਅਤੇ ਹੋਰ ਜਾਣਕਾਰੀ ਲੈ ਕੇ ਕੰਪਿਊਟਰ ਵਿੱਚ ਦਰਜ਼ ਕਰਨਗੇ।ਅਧਿਆਪਕ ਆਉਣ ਜਾਣ ਵਾਲੇ ਵਿਅਕਤੀਆਂ ਦਾ ਤਾਪਮਾਨ ਚੈਕ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਖਾਂਸੀ, ਜ਼ੁਕਾਮ ਅਤੇ ਫਲੂ ਦੇ ਲੱਛਣ ਚੈਕ ਕਰਨਗੇ ਅਤੇ ਇਹ ਲੱਛਣ ਮਿਲਣ ‘ਤੇ ਤੁਰੰਤ ਪ੍ਰਸਾਸ਼ਨ ਦੀ ਸਹਾਇਤਾ ਨਾਲ ਵਿਅਕਤੀ ਨੂੰ ਏਕਾਂਤਵਾਸ ਵਿੱਚ ਭੇਜਣਾ ਯਕੀਨੀ ਬਣਾਉਣਗੇ।