ਕੋਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਕੀਤੀ ਪਛਾਣ
ਫਤਹਿਗੜ੍ਹ ਸਾਹਿਬ, 1 ਮਈ (ਪੰਜਾਬ ਪੋਸਟ ਬਿਊਰੋ) – ਪਿੰਡ ਨਰਾਇਣਗੜ੍ਹ ਛੰਨਾ ਵਿੱਚ ਇਕ ਨੌਜਵਾਨ, ਜੋ ਕਿ ਜੀਂਦ ਹਰਿਆਣਾ ਤੋਂ ਕੰਬਾਈਨ ਨਾਲ ਕਣਕ ਦੀ ਵਾਢੀ ਕਰ ਕੇ 02 ਦਿਨ ਪਹਿਲਾਂ ਹੀ ਪਰਤਿਆ ਸੀ, ਦੀ ਕੋਰੋਨਾ ਸਬੰਧੀ ਰਿਪੋਰਟ ਪੌਜਟਿਵ ਆਉਣ ’ਤੇ ਉਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੰੜ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਪੌਜ਼ਟਿਵ ਨੌਜਵਾਨ ਦੇ 06 ਹਾਈ ਰਿਸਕ ਕੰਟੈਕਟਸ, ਜਿਨ੍ਹਾਂ ਵਿਚੋਂ 02 ਵਿਅਕਤੀ ਪਟਿਆਲੇ ਜਿਲ੍ਹੇ ਨਾਲ ਸਬੰਧਤ ਹਨ ਅਤੇ 23 ਲੋਅ ਰਿਸਕ ਕੰਟੈਕਟਸ ਕੁੱਲ 29 ਕੰਟੈਕਟਸ ਦੀ ਪਛਾਣ ਕਰ ਲਈ ਗਈ ਹੈ।ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਵਿਅਕਤੀ ਦੇ ਸਾਰੇ ਨੇੜਲੇ ਸੰਪਰਕ ਦੀ ਸਕਰੀਨਿੰਗ ਕੀਤੀ ਗਈ, ਜਿਨ੍ਹਾਂ ਨੂੰ ਕੋਈ ਵੀ ਖਾਂਸੀ ਬੁਖਾਰ ਜਾਂ ਸਾਹ ਲੈਣ ਵਿੱਚ ਕੋਈ ਦਿੱਕਤ ਆਦਿ ਦੇ ਲੱਛਣ ਨਹੀਂ ਹਨ।ਉਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ।
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਸਰਵੇਖਣ ਦੌਰਾਨ ਇਕ ਵਿਅਕਤੀ ਦੇ ਸੈਂਪਲ ਲੈ ਕੇ ਜਾਂਚ ਲਈ ਵੀ ਭੇਜੇ ਹਨ। ਕੋਰੋਨਾ ਪੀੜਤ ਵਿਅਕਤੀ ਦੇ 02 ਹਾਈ ਰਿਸਕ ਕੰਟੈਕਟ ਵਿਅਕਤੀਆਂ ਨੂੰ ਜਿਲ੍ਹਾ ਹਸਪਤਾਲ, ਫਤਹਿਗੜ੍ਹ ਸਾਹਿਬ ਸ਼ਿਫਟ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸ ਪਿੰਡ ਵਿੱਚ ਐਮਰਜੈਂਸੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹੇ ਨਾਲ ਸਬੰਧਤ ਦੋ ਔਰਤਾਂ (ਪਿੰਡ ਹਵਾਰਾ ਕਲਾਂ) ਤੇ 01 ਪੁਰਸ਼ (ਮੰਡੀ ਗੋਬਿੰਦਗੜ੍ਹ), ਜੋ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਹਨ, ਪੌਜ਼ਟਿਵ ਪਾਏ ਗਏ ਹਨ ਤੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ, ਉਹ ਜਿਲ੍ਹਾ ਫ਼ਤਹਿਗੜ੍ਹ ਸਾਹਿਬ ‘ਚ ਨਹੀਂ ਆਏ।