ਸਾਰਥਿਕ ਸਿੱਧ ਹੋ ਰਹੇ ਹਨ ਕਲਾਕਾਰ ਕਾਰਡੀਨਲ ਸੰਧੂਜ਼ ਤੇ ਲਵਰਾਜ ਰੰਧਾਵਾ ਦੇ ਯਤਨ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਬੇਬੱਸ ਹੋਈ ਸਮੁੱਚੀ ਮਨੁੱਖਤਾ ਲਈ ਜਿੱਥੇ ਡਾਕਟਰ, ਸਫਾਈ ਸੇਵਕ ਤੇ
ਪੁਲਿਸ ਮੁਲਾਜ਼ਮ ਦਿਨ ਰਾਤ ਲੱਗੇ ਹੋਏ ਹਨ।ਉਥੇ ਤਿੰਨ ਗਾਇਕ ਭੈਣਾਂ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਨੋਖਾ ਉਪਰਾਲੇ ਤਹਿਤ ਪਿੰਡਾਂ ਦੀਆਂ ਸੱਥਾਂ ਤੇ ਵਿਹੜਿਆਂ ‘ਚ ਕੋਰੋਨਾ ਵਾਇਰਸ ਨਾਲ ਸਬੰਧਤ ਪੇਸ਼ਕਾਰੀਆਂ ਕਰਕੇ ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਦੀ ਅਪੀਲ ਕਰ ਰਹੀਆਂ ਹਨ।
ਸਰਹੱਦੀ ਜਿਲ੍ਹੇ ਅੰਮ੍ਰਿਤਸਰ ਦੇ ਪਿੰਡ ਰਸੂਲਪੁਰਾ ਕਲਾਂ ਨਾਲ ਸਬੰਧਤ ਤੇ ‘ਕਾਰਡੀਨਲ ਸੰਧੂਜ’ ਦੇ ਨਾਂ ਨਾਲ ਮਸ਼ਹੂਰ ਤਿੰਨ ਗਾਇਕ ਭੈਣਾਂ ਪਲਵੀ ਸੰਧੂ, ਸੁਖਬੀਰ ਕੌਰ ਸੰਧੂ ਤੇ ਲਖਵਿੰਦਰ ਕੌਰ ਸੰਧੂ ਗੀਤਕਾਰ ਲਵਰਾਜ ਰੰਧਾਵਾ ਦਾ ਕੋਰੋਨਾ ਵਾਇਰਸ ਖਿਲਾਫ ਲਿਖਿਆ ਗੀਤ ‘ਹੋਏ ਕੰਮ ਠੱਪ, ਲੋਕੀਂ ਸਭੇ ਘਰੇ ਬਹਿ ਗਏ’, ‘ਚੀਨ ਵਾਲੇ ਦੁਨੀਆ ਨੂੰ ਸੱਚੀ ਲੈ ਕੇ ਬਹਿ ਗਏ’ ਰਵਾਇਤੀ ਤਰੀਕੇ ਨਾਲ ਪੇਸ਼ ਕਰਕੇ ਆਪਣਾ ਸਮਾਜਿਕ ਫਰਜ਼ ਅਦਾ ਕਰ ਰਹੀਆਂ ਹਨ। ਸਭ ਤੋਂ ਮਜ਼ੇਦਾਰ ਪਹਿਲੂ ਇਹ ਹੈ ਕਿ ਜਿੱਥੇ ਗੀਤਕਾਰ ਲਵਰਾਜ਼ ਰੰਧਾਵਾਂ ਨੇ ਮਹਾਂਮਾਰੀ ਦੀ ਨਜ਼ਾਕਤ ਨੂੰ ਸਮਝਦਿਆਂ ਢੁੱਕਵੀਂ ਸ਼ੈਲੀ ਵਾਲਾ ਗੀਤ ਲਿਖ ਕੇ ਅਹਿਮ ਜਿੰਮੇਵਾਰੀ ਨਿਭਾਈ ਹੈ, ਉਥੇ ਤਿੰਨੇ ਭੈਣਾਂ ਹਰਮੋਨੀਅਮ ਤੇ ਤਬਲੇ ਨਾਲ ਖੁਦ ਸੰਗੀਤ ਤਿਆਰ ਕਰਕੇ ਕੋਰੋਨਾ ਦੇ ਖਿਲਾਫ ਮੈਦਾਨ ਵਿੱਚ ਨਿੱਤਰੀਆਂ ਹਨ।ਲੋਕਾਂ ਵਲੋਂ ਆਪਣੇ ਪੱਧਰ ‘ਤੇ ਇਸ ਦਾ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਤਿੰਨਾਂ ਭੈਣਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਜਿੱਥੇ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ, ਉਥੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਵਿੱਚ ਬਣਦਾ ਯੋਗਦਾਨ ਪਾਈਏ।