ਅਜੋਕੇ ਦੌਰ ਵਿਚ ਪੰਜਾਬੀ ਗਾਇਕੀ ਵਿਚੋਂ ਜ਼ਮੀਨੀ ਹਕੀਕਤਾਂ, ਤਰਕ, ਬੌਧਕਿਤਾ, ਨੈਤਿਕ ਕਦਰਾਂ-ਕੀਮਤਾਂ, ਆਸ-ਉਮੀਦ ਅਤੇ ਇਨਸਾਨੀਅਤ ਮਨਫੀ ਹੋ ਰਹੀ ਹੈ।ਬਹੁਤੇ ਗਾਇਕ ਅਨਜਾਣਪੁਣੇ ਵਿੱਚ ਹੀ ਨਸ਼ਿਆਂ, ਮਾਰ-ਧਾੜ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਈ ਜਾ ਰਹੇ ਹਨ।ਪਰ ਕੁੱਝ ਲੋਕ-ਗਾਇਕ ਅਜੇ ਵੀ ਸਮੇਂ ਦੀ ਨਬਜ਼ ਪਛਾਣ ਕੇ ਗਾ ਰਹੇ ਹਨ।ਉਹ ਲੋਕ-ਗਾਇਕ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰਦੇ ਹੋਏ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਪਣੀ ਗਾਇਕੀ ਰਾਹੀਂ ਅਵਾਜ਼ ਉਠਾ ਰਹੇ ਹਨ।
ਨ੍ਹੇਰੇ ਵਿੱਚ ਚਾਨਣ ਵੰਡਣ ਵਾਲਾ ਅਜਿਹਾ ਹੀ ਲੋਕ-ਗਾਇਕ ਹੈ `ਧਰਮਿੰਦਰ ਮਸਾਣੀ`।ਉਹ ਲੋਕਾਂ ਦੇ ਮੁੱਦਿਆਂ ਲਈ ਅਵਾਜ਼ ਉਠਾਉਣ ਦੇ ਨਾਲ਼-ਨਾਲ਼ ਉਹਨਾਂ ਨੂੰ ਸੰਗਰਾਮ ਕਰਕੇ ਕੁੱਝ ਰਾਹਤ ਪ੍ਰਾਪਤ ਕਰਨ ਦਾ ਸੁਨੇਹਾ ਵੀ ਦਿੰਦਾ ਹੈ।ਉਹ ਸਮੇਂ ਦੀ ਨਬਜ਼ ਪਛਾਣ ਕੇ ਕਿਰਤੀਆਂ ਦੇ ਹੱਕ ਵਿੱਚ ਗੀਤ ਗਾਉਣ ਵਾਲਾ ਲੋਕ-ਗਾਇਕ ਹੈ।ਉਸ ਦਾ ਅਜੋਕੇ ਸਮੇਂ ਵਿੱਚ `ਕਰੋਨਾ ਵਾਈਰਸ ਕਰਕੇ ਬਣੇ ਹਾਲਾਤਾਂ` ਨੂੰ ਬਿਆਨ ਕਰਦਾ ਗਾਇਆ ਅਤੇ ਅਮੋਲਕ ਸਿੰਘ ਦਾ ਲਿਖਿਆ ਗੀਤ ਹੈ ਕਿ,
“ਮਾਰ ਕਰੋਨਾ ਕਾਰਨ ਧਰਤੀ ਬਣ ਗਈ ਮੜ੍ਹੀ-ਮਸਾਣਾਂ,
ਨਾ ਕੋਈ ਗਲ਼ ਲੱਗ ਕੇ ਰੋਵੇ ਨਾ ਹੀ ਢੁੱਕਣ ਮਕਾਨਾਂ,
ਕੇਹੀ ਆਈ ਰੁੱਤ ਵੈਣਾਂ ਦੀ ਧਰਤੀ-ਅੰਬਰ ਰੋਏ,
ਬਸ ਇੱਕ ਇਨਸਾਨ ਸੱਸਤਾ ਹੋਇਆ ਸਭ ਕੁੱਝ ਮਹਿੰਗਾ ਹੋਏ।”
ਧਰਮਿੰਦਰ ਮਸਾਣੀ ਦਾ ਜਨਮ 30 ਅਪ੍ਰੈਲ 1982 ਨੂੰ ਪਿਤਾ ਗੁਰਮੇਲ ਸਿੰਘ ਮਾਤਾ ਸ਼੍ਰੀਮਤੀ ਗੁਰਬਖਸ਼ ਕੌਰ ਦੇ ਘਰ ਪਿੰਡ ਮਸਾਣੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ।ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ।ਉਚੇਰੀ ਸਿੱਖਿਆ ਉਸ ਨੇ ਅਮਰਦੀਪ ਕਾਲਜ ਮੁਕੰਦਪੁਰ ਤੋਂ ਕੀਤੀ।ਕਾਲਜ ਵਿੱਚ ਹੀ ਉਸਨੂੰ ਚੰਗੀ ਅਤੇ ਲੋਕ ਪੱਖੀ ਗਾਇਕੀ ਕਰਕੇ ਉਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ, ਵੱਡੇ ਵਿਦਵਾਨ ਪ੍ਰਿੰਸੀਪਲ ਸੁਰਜੀਤ ਸਿੰਘ ਭੱਟੀ ਅਤੇ ਉਘੇ ਖੇਡ ਪ੍ਰਮੋਟਰ ਪ੍ਰਿੰਸੀਪਲ ਸਰਵਣ ਸਿੰਘ ਵਰਗੇ ਚਾਨਣ ਮੁਨਾਰੇ ਮਿਲੇ।ਉਸ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਪੰਜਾਬ, ਭਾਈ ਮੰਨਾ ਸਿੰਘ, ਭੈਣ ਜੀ ਸੁਮਨ ਲਤਾ ਅਤੇ ਪ੍ਰਗਤੀ ਕਲਾ ਕੇਂਦਰ (ਲਾਂਦਰਾ) ਵਲੋਂ ਰੰਗ ਮੰਚ ਵੀ ਕੀਤਾ।ਉਸ ਨੂੰ ਹੁਣ ਤੱਕ ਬਾਬਾ ਯਮਲਾ ਜੱਟ ਯਾਦਗਾਰੀ ਐਵਾਰਡ, ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸੁਰ-ਸੰਗੀਤ ਐਵਾਰਡ, ਸੁਰ-ਸੰਗਮ ਐਵਾਰਡ, ਸੰਗੀਤ ਸਮਰਾਟ ਐਵਾਰਡ, ਮੌਲਾਬਾਦ ਤੋਂ ਸਨਮਾਨ ਅਤੇ ਹੋਰ ਕਈ ਮਾਣ-ਸਨਮਾਨ ਮਿਲ ਚੁਕੇ ਹਨ।ਉਹ ਇਹਨਾਂ ਸਭ ਮਾਣਾਂ-ਸਨਮਾਨਾਂ ਪਿੱਛੇ ਉਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ ਦਾ ਅਸ਼ੀਰਵਾਦ ਹੀ ਮੰਨਦਾ ਹੈ।
ਧਰਮਿੰਦਰ ਮਸਾਣੀ ਸਮੇਂ ਦੀ ਨਬਜ਼ ਪਛਾਣ ਕੇ ਗਾਇਕੀ ਦੇ ਵਿਸ਼ੇ ਚੁਣਦਾ ਹੈ।ਉਸ ਦੇ ਗਾਏ ਗੀਤਾਂ ਵਿੱਚ ਲੋਕਾਂ ਦਿਆਂ ਦੁੱਖੜਿਆਂ ਨੂੰ ਬਿਆਨ ਕਰਨ ਦੇ ਨਾਲ਼-ਨਾਲ਼, ਲੋਕਾਂ ਨੂੰ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਸੰਗਰਾਮ ਕਰਕੇ ਕੁੱਝ ਨਾ ਕੁੱਝ ਰਾਹਤ ਪਾਉਣ ਦਾ ਸੁਨੇਹਾ ਜ਼ਰੂਰ ਹੁੰਦਾ ਹੈ।ਇਸ ਲਈ ਉਹ ਇਹ ਸਮਝਦਾ ਹੈ ਕਿ ਅਵਸਥਾ ਦੀ ਸਮਝ ਲੋਕਾਂ ਨੂੰ ਵੱਧ ਤੋਂ ਵੱਧ ਪੜ੍ਹ ਕੇ, ਅਧਿਐਨ ਕਰਕੇ ਹੀ ਆ ਸਕਦੀ ਹੈ।ਇਸ ਲਈ ਉਹ `ਸ਼ਬਦਾਂ` ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ।ਉਸ ਦੁਆਰਾ ਗਾਈ ਸ਼ੁਸ਼ੀਲ ਦੁਸਾਂਝ ਦੀ ਲਿਖੀ ਗ਼ਜ਼ਲ਼ ਦਾ ਮਤਲ਼ਾ ਹੈ ਕਿ,
“ਰਾਤਾਂ ਦੇ ਮੱਥਿਆਂ `ਤੇ ਜੋ ਚਮਕਦੀ ਗੁਰੂ ਜੀ।
ਸ਼ਬਦਾਂ ਦੇ ਜੁਗਨੂੰਆਂ ਦੀ ਹੈ ਰੌਸ਼ਨੀ ਗੁਰੂ ਜੀ।”
ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ।ਇਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ।ਫਿਰ ਵੀ ਮੁੱਢ ਤੋਂ ਹੀ ਇਥੇ ਜਾਤ-ਪਾਤ ਦਾ ਬੋਲ਼ ਬਾਲ਼ਾ ਰਿਹਾ ਹੈ।ਧਰਮਾਂ ਦੇ ਨਾਮ ਤੇ ਲੋਕ ਇੱਕ-ਦੂਜੇ ਨੂੰ ਵੱਢਣ-ਟੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ।ਇਸੇ ਗੱਲ ਦਾ ਕੁੱਝ ਲੋਕ ਫਾਇਦਾ ਉਠਾਂਉਦੇ ਹਨ।ਆਪਣੇ ਦੇਸ਼ ਦੀ ਇਸ ਤ੍ਰਾਸਦੀ ਬਾਰੇ ਧਰਮਿੰਦਰ ਮਸਾਣੀ ਨੇ ਗਾਇਆ ਹੈ ਕਿ,
“ਇੱਥੇ ਜਾਤ-ਪਾਤ ਦੇ ਰੱਸੇ ਨੇ, ਗਲ਼ ਸਭ ਦਾ ਘੁੱਟਣਾ ਸੌਖਾ ਏ ।
ਮੇਰੇ ਦੇਸ਼ `ਚ ਧਰਮ ਦੇ ਨਾਮ ਉਤੇ, ਲੋਕਾਂ ਨੂੰ ਲੁੱਟਣਾ ਸੌਖਾ ਏ ।”
ਅੱਜ ਜਦੋਂ ਦੇਸ਼ ਦੀ ਜਵਾਨੀ ਬੇਰੁਜ਼ਗਾਰੀ, ਠੇਕੇਦਾਰੀ ਪ੍ਰਥਾ, ਗੁੰਡਾਗਰਦੀ ਅਤੇ ਨਸ਼ਿਆਂ ਦੀ ਦਲ਼ਦਲ਼ ਆਦਿ ਸਮੱਸਿਆਵਾਂ ਵਿਚ ਫਸੀ ਹੋਈ ਹੈ।ਫਿਰ ਵੀ ਅਜਿਹੇ ਹਾਲਾਤਾਂ ਵਿੱਚ ਵੀ ਦੇਸ਼ ਦੀ ਜਵਾਨੀ ਲੋਕਾਂ ਦੇ ਮੁੱਦਿਆਂ ਲਈ ਮੂਹਰੇ ਹੋ ਕੇ ਸੰਗਰਾਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ।ਨੌਜਵਾਨ ਲੜਕੇ ਅਤੇ ਲੜਕੀਆਂ ਦੋਵੇਂ ਹੀ ਅੱਗੇ ਹੋ ਕੇ ਲੋਕ-ਘੋਲਾਂ ਵਿੱਚ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਹੇ ਹਨ।ਅਮੋਲਕ ਸਿੰਘ ਦੁਆਰਾ ਲਿਖੇ ਅਤੇ ਧਰਮਿੰਦਰ ਮਸਾਣੀ ਵੱਲੋਂ ਗਾਏ ਗੀਤ ਵਿੱਚ ਜੂਝਦੀ ਜਵਾਨੀ ਨੂੰ ਸਿਜ਼ਦਾ ਇਵੇਂ ਕੀਤਾ ਗਿਆ ਹੈ ਕਿ,
“ਬਾਬਾ ਭਕਨਾ, ਭਗਤ ਸਿੰਘ ਤੇ ਬਣ ਗਈ ਜੋਤ ਸਰਾਭਿਆਂ ਦੀ,
ਬਿਸਮਿਲ ਤੇ ਅਸ਼ਫਾਕ ਉਲਾ ਤੂੰ ਵਾਰਸ ਗਦਰੀ ਬਾਬਿਆਂ ਦੀ,
ਵੇਖ ਲਈ ਮੈਂ ਧੀਆਂ ਵਿੱਚ ਵੱਸਦੀ ਗੁਲਾਬ ਕੌਰ, ਉਠ ਪਈ ਏ ਬਣ ਕੇ ਤੁਫਾਨ।
ਸਲਾਮ ਨੀਂ ਜੁਆਨੀਏ ਸਲਾਮ।
ਆਉਣ ਵਾਲਾ ਕੱਲ੍ਹ ਤੇਰੇ ਨਾਮ।”
ਅੰਤ ਵਿੱਚ ਜੋ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਨਾਲ਼ ਜੂਝ ਰਹੇ ਹਨ।ਕਿਸੇ ਕੋਲ ਕੰਮ ਨਹੀਂ ਹੈ।ਕਿਸੇ ਦੇ ਸਿਰ ਉਤੇ ਛੱਤ ਨਹੀਂ ਹੈ।ਅੱਤ ਦੀ ਮਹਿੰਗਾਈ ਵਿੱਚ ਕਿਸੇ ਦੇ ਬਾਲ਼ ਵੀ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ।ਕਿਸੇ ਦੀ ਧੀ ਦੀ ਪੱਤ ਲੁੱਟੀ ਜਾ ਰਹੀ ਹੈ।ਕਿਸੇ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ।ਕਿਸੇ ਦਾ ਬੱਚਾ/ਬੱਚੀ ਨਸ਼ੇ ਦੀ ਦਲ਼ਦਲ਼ ਵਿੱਚ ਫਸਿਆ ਹੈ।ਕਿਸੇ ਨੂੰ ਹੱਕ-ਸੱਚ ਦੀ ਗੱਲ ਕਰਨ ਬਦਲੇ ਡਾਗਾਂ ਪੈ ਰਹੀਆਂ ਹਨ ਅਤੇ ਜ਼ੇਲ ਜਾਣਾ ਪੈ ਰਿਹਾ ਹੈ।ਮੰਗਿਆਂ ਵੀ ਹੱਕ-ਇਨਸਾਫ ਨਹੀਂ ਮਿਲ ਰਿਹਾ।ਉਹਨਾਂ ਸਾਰਿਆਂ ਲੋਕਾਂ ਨੂੰ ਲੋਕ-ਗਾਇਕ `ਧਰਮਿੰਦਰ ਮਸਾਣੀ` ਦੇ ਗਾਏ ਗੀਤ ਦੀਆਂ ਕੁੱਝ ਸਤਰਾਂ ਕਹਿ ਕੇ ਆਪਣੇ ਹੱਕਾਂ ਦੀ ਰਾਖੀ ਲਈ ਮਾਨਵਤਾ ਦੇ ਭਲੇ ਲਈ ਚੱਲ ਰਹੇ ਸੰਗਰਾਮ ਵਿੱਚ ਕੁੱਦ ਕੇ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ ਅਤੇ ਨਾਲ਼ ਹੀ ਲੋਕ-ਗਾਇਕ `ਧਰਮਿੰਦਰ ਮਸਾਣੀ` ਦੀ ਚੰਗੀ ਸਿਹਤ ਅਤੇ ਲੰਮੇਰੀ ਉਮਰ ਦੀ ਕਾਮਨਾ ਕਰਦਾ ਹੋਇਆ ਉਸ ਤੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਨ੍ਹੇਰੇ ਵਿੱਚ ਚਾਨਣ ਵੰਡਦੇ ਰਹਿਣ ਦੀ ਬੇਨਤੀ ਕਰਦਾ ਹੋਇਆ ਆਪ ਸਭ ਤੋਂ ਵਿਦਾ ਲੈਂਦਾ ਹਾਂ ਕਿ,
“ਕੀ ਹੋਇਆ ਤਾਰੇ ਟੁੱਟਦੇ ਨੇ, ਕੀ ਹੋਇਆ ਚੰਨ `ਤੇ ਥੁੱਕਦੇ ਨੇ,
ਕਤਲ਼ ਇਹ ਸੂਰਜ ਹੋਣਾ ਨਹੀਂ, ਵਕਤ ਨੇ ਕਦੇ ਖਲੋਣਾ ਨਹੀਂ,
ਜਦੋਂ ਵੀ ਜ਼ੁਲਮ ਫਲ਼ਦਾ ਹੈ, ਧਰਤ ਦਾ ਸੀਨਾ ਬਲ਼ਦਾ ਹੈ,
ਚਿੰਗਾੜੀ ਬੁਝ ਨਾ ਪਾਏਗੀ, ਜੰਗਲ ਨੂੰ ਰਾਖ਼ ਬਣਾਏਗੀ,
ਲੋਕਾਂ ਨੂੰ ਜੋ ਦਬਾਏਗਾ, ਇੱਕ ਦਿਨ ਉਹ ਮਿਟ ਜਾਏਗਾ,
ਸੂਰਜਾਂ ਨਾਲ ਕਰਨੀ ਜੋ, ਅਜੇ ਉਹ ਬਾਤ ਬਾਕੀ ਹੈ।
ਮਸ਼ਾਲਾਂ ਬਾਲ਼ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ ।”
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 9855 27071