ਐਕਟਿਵ ਕੇਸਾਂ ਦੀ ਗਿਣਤੀ 88 ਤੋਂ ਘਟ ਕੇ 86 ਹੋਈ – ਡਿਪਟੀ ਕਮਿਸ਼ਨਰ
ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਅੱਜ 2 ਮਰੀਜ਼ ਸਫ਼ਲ ਇਲਾਜ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ।ਇਨਾਂ ਮਰੀਜ਼ਾਂ ਦੇ ਨੈਗੇਟਿਵ ਆਉਣ ਨਾਲ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 88 ਤੋਂ ਘਟ ਕੇ 86 ਰਹਿ ਗਈ ਹੈ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨਾਂ ’ਚੋਂ ਇੱਕ ਧੂਰੀ ਵਾਸੀ 72 ਸਾਲਾ ਬਜ਼ੁਰਗ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਰਕਾਰੀ ਬੱਸ ਰਾਹੀਂ ਸੰਗਰੂਰ ਪਹੁੰਚਿਆ ਸੀ ਅਤੇ ਦੂਸਰਾ ਖਾਨਪੁਰ ਪਿੰਡ ਦਾ 34 ਸਾਲਾ ਵਿਅਕਤੀ ਕੈਥਲ ਤੋਂ ਕੰਬਾਈਨ ਨਾਲ ਜ਼ਿਲੇ ’ਚ ਪਰਤਿਆ ਸੀ। ਉਨਾਂ ਦੱਸਿਆ ਕਿ ਖਾਨਪੁਰ ਪਿੰਡ ਨਾਲ ਸਬੰਧਤ ਵਿਅਕਤੀ ਦੇ ਸੈਂਪਲ ਬਾਗੜੀਆਂ ਵਿਖੇ ਲਗਾਏ ਗਏ ਚੈੱਕਪੋਸਟ ’ਤੇ ਲਏ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਨੂੰ 5 ਮਈ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਦਾਖ਼ਲ ਕੀਤਾ ਗਿਆ ਸੀ ਅਤੇ ਦੋ ਵਾਰ ਟੈਸਟ ਨੈਗੇਟਿਵ ਆਉਣ ’ਤੇ ਅੱਜ ਇਨਾਂ ਨੂੰ ਘਰ ਰਵਾਨਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮੌਕੇ ਡਾਕਟਰਾਂ ਅਤੇ ਸੈਂਟਰ ’ਚ ਤੈਨਾਤ ਹੋਰ ਸਟਾਫ਼ ਵੱਲੋਂ ਇਨਾਂ ਨੂੰ ਘਰਾਂ ’ਚ ਲਗਾਉਣ ਲਈ ਬੂਟੇ ਦੇ ਕੇ ਰਵਾਨਾ ਕੀਤਾ ਗਿਆ।
ਥੋਰੀ ਨੇ ਦੱਸਿਆ ਕਿ ਐਕਟਿਵ ਕੇਸਾਂ ’ਚੋਂ 39 ਹੋਰਨਾਂ ਵਿਅਕਤੀਆਂ ਦੇ ਸੈਂਪਲ ਵੀ ਟੈਸਟਿੰਗ ਲਈ ਭੇਜੇ ਗਏ ਹਨ ਅਤੇ 2 ਵਾਰ ਨੈਗੇਟਿਵ ਆਉਣ ’ਤੇ ਉਨਾਂ ਨੂੰ ਵੀ ਘਰ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਹਰਿੰਦਰਪਾਲ ਸਿੰਘ, ਹਸਪਤਾਲ ਐਡਮਿਨੀਸਟ੍ਰੇਟਰ ਡਾ. ਸੁਹਾਨੀ ਹਿਨਾ, ਡਾ. ਪਰਵੀਨ ਮੜਕਨ, ਡਾ. ਰਾਹੁਲ ਅਤੇ ਸਾਰਾ ਨਰਸਿੰਗ ਤੇ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।