Thursday, September 19, 2024

ਟ੍ਰੈਫਿਕ ਪੁਲਿਸ ਵੱਲੋਂ ਯੂਨਾਈਟਿਡ ਆਟੋ ਰਿਕਸ਼ਾ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ

ਯੂਨੀਅਨ ਦੇ ਆਟੋ ਚਾਲਕਾਂ ਲਈ ਡਰੈਸ ਕੋਡ ਲਾਗੂ ਕਰਨ ਦਾ ਫ਼ੈਸਲਾ

ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਦਿਓਲ) – ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਕਮਿਸ਼ਨਰੇਟ ਜਲੰਧਰ ਅੰਦਰ ਟ੍ਰੈਫਿਕ ਵਿਵਸਥਾ ਸੁਚਾਰੂ ਕਰਨ ਦੇ ਯਤਨਾਂ ਤਹਿਤ ਏ. ਡੀ. ਸੀ. ਪੀ ਟ੍ਰੈਫਿਕ ਸ੍ਰੀ ਬਲਜੀਤ ਸਿੰਘ ਢਿੱਲੋਂ ਅਤੇ ਏ. ਸੀ. ਪੀ ਟ੍ਰੈਫਿਕ ਸ੍ਰੀ ਦਲਬੀਰ ਸਿੰਘ ਬੁੱਟਰ ਨੇ ਅੱਜ ਯੂਨਾਈਟਿਡ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸ੍ਰੀ ਰਵੀ ਸੱਭਰਵਾਲ ਅਤੇ ਹੋਰਨਾਂ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਆਟੋ ਰਿਕਸ਼ਾ ਚਾਲਕਾਂ ਨੂੰ ਡਰੈਸ/ਯੂਨੀਫਾਰਮ ਕੋਡ ਦੇਣ ਦਾ ਫ਼ੈਸਲਾ ਕੀਤਾ ਗਿਆ ਤਾਂ ਜੋ ਸ਼ਹਿਰ ਅੰਦਰ ਬਿਨਾਂ ਪਰਮਿਟ ਚੱਲਦੇ ਨਾਜਾਇਜ਼ ਆਟੋ ਰਿਕਸ਼ਿਆਂ ਨੂੰ ਰੋਕਣ ਵਿਚ ਮਦਦ ਮਿਲ ਸਕੇ। ਇਸ ਤਹਿਤ ਯੂਨਾਈਟਿਡ ਆਟੋ ਰਿਕਸ਼ਾ ਯੂਨੀਅਨ ਦੇ ਕਰੀਬ 500 ਆਟੋ ਚਾਲਕਾਂ ਲਈ ਨੀਲੇ ਰੰਗ ਦੀ ਕਮੀਜ਼, ਪਿੱਤਲ ਦਾ ਬਿੱਲਾ, ਯੂਨੀਅਨ ਦਾ ਲੋਗੋ ਅਤੇ ਆਟੋ ਚਾਲਕ ਦਾ ਸ਼ਨਾਖਤੀ ਕਾਰਡ, ਜੋ ਆਟੋ ਚਲਾਉਂਦੇ ਸਮੇਂ ਭਵਿੱਖ ਵਿਚ ਪਹਿਨਿਆ ਜਾਵੇਗਾ, ਜਾਰੀ ਕੀਤਾ ਗਿਆ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਏ. ਡੀ. ਸੀ. ਪੀ ਟ੍ਰੈਫਿਕ ਸ੍ਰੀ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹੁਕਮ ਅਨੁਸਾਰ ਨਿਗਮ ਦੀ ਹੱਦ ਅੰਦਰ ਪਰਮਿਟ ਧਾਰਕ ਆਟੋ ਰਿਕਸ਼ਾ ਹੀ ਸ਼ਹਿਰ ਅੰਦਰ ਚੱਲਣਗੇ। ਉਨ੍ਹਾਂ ਆਟੋ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਆਟੋ ਰਿਕਸ਼ਾ ਦੇ ਕਾਗਜ਼ਾਤ ਪੂਰੇ ਰੱਖੇ ਜਾਣ, ਸ਼ਹਿਰ ਅੰਦਰ ਗ਼ਲਤ ਪਾਰਕਿੰਗ ਨਾ ਕੀਤੀ ਜਾਵੇ, ਓਵਰ ਲੋਡਿੰਗ ਨਾ ਕੀਤੀ ਜਾਵੇ ਅਤੇ ਅਗਲੀ ਸੀਟ ‘ਤੇ ਸਵਾਰੀ ਨਾ ਬਿਠਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤਾਂ ਨਾਲ ਕੀਤੀ ਜਾਂਦੀ ਛੇੜਛਾੜ, ਮਨਮਰਜ਼ੀ ਨਾਲ ਕਿਰਾਇਆ ਵਸੂਲਣ ਅਤੇ ਹੋਰ ਕਈ ਜ਼ੁਰਮਾਂ ‘ਤੇ ਰੋਕ ਲਗਾਈ ਜਾ ਸਕੇਗੀ। ਇਸ ਤੋਂ ਇਲਾਵਾ ਕਿਸੇ ਸਵਾਰੀ ਦਾ ਸਾਮਾਨ ਵਗੈਰਾ ਭੁੱਲ ਜਾਣ ਜਾਂ ਚੋਰੀ ਹੋ ਜਾਣ ਦੀ ਸੂਰਤ ਵਿਚ ਆਟੋ ਚਾਲਕ ਦੀ ਯੂਨੀਅਨ ਦੇ ਰਿਕਾਰਡ ਪੜਤਾਲ ਤੋਂ ਜਾਂਚ ਕਰਕੇ ਜਲਦੀ ਟਰੇਸ ਕੀਤਾ ਜਾ ਸਕੇਗਾ ਤੇ ਜ਼ੁਰਮ ਕਰਨ ਵਾਲਿਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ। ਉਨ੍ਹਾਂ ਇਸੇ ਲੜੀ ਵਿਚ ਬਾਕੀ ਆਟੋ ਰਿਕਸ਼ਾ ਯੂਨੀਅਨਾਂ ਨੂੰ ਵੀ ਡਰੈਸ ਕੋਡ ਅਪਣਾ ਕੇ ਟ੍ਰੈਫਿਕ ਪੁਲਿਸ ਅਤੇ ਪਬਲਿਕ ਸੁਰੱਖਿਆ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਸ੍ਰੀ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਟੋ ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਬੱਸ ਸਟੈਂਡ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ 130 ਦੇ ਕਰੀਬ ਆਟੋ ਚਾਲਕਾਂ ਨੇ ਭਾਗ ਲਿਆ। ਸੈਮੀਨਾਰ ਦੌਰਾਨ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply