Thursday, July 30, 2026

ਜੈਵਿਕ ਵਿਭਿੰਨਤਾਂ ਦੇ ਨਾਸ਼ ਕਾਰਨ ਮੁਹਾਲ ਹੋ ਜਾਵੇਗਾ ਸਾਡਾ ਜਿਊਣਾ – ਅਲੋਕ ਸ਼ੇਖਰ ਆਈ.ਏ.ਐਸ

ਲਾਕਡਾਊਨ ਦੌਰਾਨ ਹਵਾ ਦੀ ਗੁਣਵੰਤਾ ‘ਚ ਆਇਆ ਸੁਧਾਰ, ਪ੍ਰਦੂਸ਼ਣ ਘਟਿਆ – ਡਾ. ਮਰਵਾਹਾ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜ਼ੇ ਕਰਨ ਅਤੇ ਉਹਨਾਂ ਦੇ ਖਾਤਮੇ, ਸਾਲ ਵਿੱਚ ਇਕ ਤੋਂ ਵੱਧ ਫ਼ਸਲਾਂ ਲੈਣ ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜ਼ੀ ਨਾਲ ਬਦਲ ਰਿਹਾ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਜੇਕਰ ਅਸੀਂ ਇਸੇ ਰਾਹ ‘ਤੇ ਚੱਲਦੇ ਰਹੇ ਅਤੇ ਜੈਵਿਕ ਵਿਭਿੰਨਤਾ ਦਾ ਖਾਤਮਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਜਿਉਣਾ ਮੁਸ਼ਕਲ ਹੋ ਜਾਵੇਗਾ।ਸਾਡੇ ਖਾਣ ਲਈ ਕੁੱਝ ਨਹੀਂ ਰਹੇਗਾ ਅਤੇ ਨਾ ਹੀ ਸਾਡੇ ਰਹਿਣ ਲਈ ਸਵੱਛ ਵਾਤਾਵਰਣ ਰਹੇਗਾ।ਕੋਵਿਡ 19 ਮਹਾਮਾਰੀ ਦਾ ਸੰਕਟ ਸਾਡੇ ਸਾਰਿਆਂ ਸਾਹਮਣੇ ਇੱਕ ਜਿਊਂਦੀ ਜਾਗਦੀ ਮਿਸਾਲ ਹੈ ਕਿ ਜਦੋਂ ਅਸੀਂ ਜੈਵਿਕ ਵਿਭਿੰਨਤਾ ਦਾ ਨਾਸ਼ ਕਰਾਂਗੇ ਤਾਂ ਸਾਡੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ।ਕੁਦਰਤ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ।ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਹੁਣ ਸਾਨੂੰ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਜੇਕਰ ਅਸੀਂ ਹੁਣ ਦੇਰ ਕੀਤੀ ਤਾਂ ਇਸ ਦੇ ਬਹੁਤ ਭਿਅਨਕ ਸਿੱਟੇ ਭੁਗਤਣੇ ਪੈਣਗੇ ।
               ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਵਿਗਿਆਨ ਤਕਨਾਲੌਜੀ ਤੇ ਵਾਤਾਵਰਣ ਪੰਜਾਬ, ਅਲੋਕ ਸ਼ੇਖਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਰਵਾਏ ਗਏ ਵੈਬਨਾਰ ਦੌਰਾਨ ਕੀਤਾ।ਇਸ ਵੈਬਨਾਰ ਦੀ ਮੇਜ਼ਬਾਨੀ ਕਰਦਿਆਂ ਡਾ. ਨੀਲਿਮਾ ਜੇਰਥ ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ ਕਿਹਾ ਕਿ ਮਨੱਖ ਧਰਤੀ ਧਰਤੀ ਦੀ ਸਮਰੱਥਾ ਤੋਂ ਪਰੇ ਹੋ ਕੇ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਕਿ ਸਾਡੇ ਸਰਿਆਂ ਦੇ ਵਾਤਾਵਰਣ ਦੀ ਸਰੁੱਖਿਆਂ ਲਈ ਖਤਰੇ ਦੀ ਘੰਟੀ ਹੈ।ਵਿਸ਼ਵ ਵਾਤਾਵਰਣ ਦਿਵਸ ਸਾਨੂੰ ਇਸ ਵਾਲੇ ਜਾਗਰੂਕ ਹੋਣ ਦਾ ਹੋਕਾ ਦੇ ਰਿਹਾ ਹੈ।ਇਸ ਮੌਕੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
               ਵੈੱਬਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਸਤਵਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਇਸ ਵਾਰ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਜੈਵਿਕ ਵਿਭਿੰਨਤਾ ਅਤੇ ਕੁਦਰਤ ਲਈ ਸਮਾਂ ਹੈ।ਉਨ੍ਹਾਂ ਕਿਹਾ ਜਦੋਂ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ, ਇਸ ਵਕਤ ਕੁਦਰਤ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਕ ਕੁਦਰਤ ਹੀ ਹੈ ਜੋ ਸਾਨੂੰ ਖਾਣ ਲਈ ਭੋਜਨ, ਸਾਹ ਲੈਣ ਲਈ ਹਵਾ ਅਤੇ ਪੀਣ ਲਈ ਪਾਣ ਅਤੇ ਜਿਉਣ ਲਈ ਸਵੱਛ ਵਾਤਾਵਰਣ ਮਹੱਈਆ ਕਰਵਾਉਂਦੀ ਹੈ।ਨਦੀਆਂ ਦੇ ਪਾਣੀਆਂ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਕੱਲੀ ਸਨਅਤ ਹੀ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਸਗੋਂ ਘਰੇਲੂ ਕੂੜਾ ਕਰਕਟ (ਵੇਸਟਜ਼) ਪਾਣੀ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ।ਉਨ੍ਹਾਂ ਕਿਹਾ ਲਾਕਡਾਊਨ ਦੇ ਸਮੇਂ ਦੇਖਿਆ ਗਿਆ ਹੈ ਕਿ ਜਦੋਂ ਸਾਰੀਆਂ ਫ਼ੈਕਟਰੀਆਂ ਬੰਦ ਸਨ।ਤਦ ਵੀ ਦਰਿਆਵਾਂ ਦਾ ਪਾਣੀ ਗੰਦਲਾ ਹੀ ਰਿਹਾ ਹੈ, ਕਿਉਂਕਿ ਪਾਣੀ ਦੇ ਸਰੋਤ ਹੀ ਗੰਦਲੇ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਲਾਕਡਾਊਨ ਦੌਰਾਨ ਸਨਅਤ ਦੇ ਬੰਦ ਹੋਣ ਦਾ ਸਾਕਰਾਤਮਕ ਪ੍ਰਭਾਵ ਪਾਣੀ ‘ਤੇ ਇੰਨਾਂ ਜ਼ਿਆਦਾ ਨਹੀਂ ਦੇਖਿਆ ਗਿਆ, ਜਿਨ੍ਹਾਂ ਫ਼ੈਕਟਰੀਆਂ ਅਤੇ ਟਰਾਂਸਪੋਰਟ ਬੰਦ ਹੋਣ ਦਾ ਪ੍ਰਭਾਵ ਹਵਾ ਦੇ ਪ੍ਰਦੂਸ਼ਣ ‘ਤੇ ਪਿਆ ਹੈ।ਭਾਵ ਇਸ ਨਾਲ ਹਵਾ ਦੀ ਗੁਣਵਤਾ ‘ਚ ਸੁਧਾਰ ਵੇਖਿਆ ਗਿਆ ਹੈ।ਉਨ੍ਹਾਂ ਵੈਬਨਾਰ ਵਿਚ ਹਿੱਸਾ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕਣਕ ਅਤੇ ਝੋਨੇ ਦੀ ਵਾਢੀ ਤੋਂ ਖੇਤਾਂ ਨੂੰ ਅੱਗ ਨਾ ਲਗਾਉਣ ਦਾ ਸੰਦੇਸ਼ ਘਰ ਘਰ ਪੰਹਚਾਉਣ ਕਿਉ ਇਸ ਨਾਲ ਜਿਥੇ ਮਿੱਟੀ ਦੀ ਉਤਪਾਦਕਤਾ ਘਟਦੀ ਹੈ, ਉਥੇ ਹੀ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।
                 ਭਾਰਤ ਸਰਕਾਰ ਦੇ ਕੌਮੀ ਜੈਵਿਕ ਵਿਭਿੰਨਤਾ ਅਥਾਰਟੀ ਦੇ ਸਕੱਤਰ ਜੇ.ਜਸਟਿਨ ਮੋਹਨ ਨੇ ਦੱਸਿਆ ਕਿ ਹਰੇਕ ਦੇਸ਼ ਵਿੱਚ ਜੈਵਿਕ ਵਿਭਿੰਨਤਾ ਦੇ ਸਰੋਤਾਂ ਦਾ ਪ੍ਰਭੂਸਤਾ ਅਧਿਕਾਰ ਹੈ।ਉਹਨਾਂ ਜੈਵਿਕਵਿਭਿੰਨਤਾ ਐਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਨਸਧਾਰਣ, ਸਨਅੱਤ ਅਤੇ ਵਪਾਰੀਆਂ ਵਿਚ ਜੈਵਿਕ ਵਿਭਿੰਨਤਾ ਦੇ ਰੱਖਰਖਾਅ ਪ੍ਰਤੀ ਜਾਗਰੂਕਤਾ ਦੀ ਕਮੀ ਇਕ ਬਹੁਤ ਵੱਡੀ ਚੁਣੌਤੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਸਥਾਈ ਵਿਕਾਸ ਲਈ ਜੈਵਿਕ ਵਿਭਿੰਨਤਾ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਤੇ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ ਜੈਵਿਕਵਿਭਿੰਨਤਾ ਦੇ ਢਾਚੇ ਨੂੰ ਮਜ਼ਬੂਤ ਅਤੇ ਸਸ਼ਕਤੀਕਰਨ ਸਰਕਾਰ ਲਈ ਬਹੁਤ ਜ਼ਰੂਰੀ ਹੈ।ਇਸ ਪਾਸੇ ਵੱਲ ਜ਼ਰੂੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
              ਇਸ ਮੌਕੇ ਨਿਊਯਾਰਕ ਦੇ ਅਰਥ ਇੰਸਟੀਚਿਊਟ ਨਾਲ ਸਬੰਧ ਐਸ.ਡੀ.ਜੀ ਅਕੈਡਮੀ ਦੀ ਡਾਇਰੈਕਟਰ ਡਾ. ਚੰਦਰਿਕਾ ਬਾਹਦੁਰ ਨੇ ਸਥਾਈ ਵਿਕਾਸ ਦੇ 17 ਟੀਚਿਆਂ ਬਾਰੇ ਜਾਣਕਾਰੀ ਦਿੰਦਿਆਂ ਜੈਵਿਕ ਵਿਭਿੰਨਤਾ ਨੂੰ ਸਥਾਈ ਵਿਕਾਸ ਦੇ ਟੀਚਿਆਂ ਵਿੱਚ ਬੜੀ ਪ੍ਰਮੁੱਖਤਾ ਨਾਲ ਲਿਆ ਗਿਆ ਹੈ।ਇਹਨਾਂ ਟੀਚਿਆਂ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਯਤਨ ਹੋਣੇ ਚਾਹੀਦੇ ਹਨ ਅਤੇ ਵਿਸ਼ਵ ਪੱਧਰ ‘ਤੇ ਅਜਿਹੇ ਤਜਰਬੇ ਸਾਂਝੇ ਹੋਣੇ ਚਾਹੀਦੇ ਹਨ।ਇਸ ਮੌਕੇ ਬੱਚਿਆਂ ਦੇ ਭਾਸ਼ਣ ਅਤੇ ਕਵਿਤਾ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਹਨਾਂ ਨੂੰ ਸਾਇੰਸ ਸਿਟੀ ਖੁਲ੍ਹਣ ‘ਤੇ ਇਨਾਮ ਦਿੱਤੇ ਜਾਣਗੇ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …