Wednesday, August 6, 2025
Breaking News

ਜਿਲ੍ਹੇ ਵਿੱਚ ਚਾਰ ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਕਰੋਨਾ ਤੋਂ ਠੀਕ ਹੋਣ ‘ਤੇ ਇੱਕ ਹੋਰ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਮਿਲੀ ਛੁੱਟੀ

ਪਟਿਆਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1574 ਸੈਂਪਲਾਂ ਵਿਚੋਂ 792 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 788 ਨੈਗੇਟਿਵ ਅਤੇ ਚਾਰ ਕੋਵਿਡ ਪੌਜਟਿਵ ਪਾਏ ਗਏ ਹਨ ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ।ਬਾਕੀ ਸੈਂਪਲਾਂ ਦੀ ਆਉਣੀ ਬਾਕੀ ਹੈ।
               ਪੌਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਬੀਤੇ ਦਿਨੀਂ ਕੋਵਿਡ ਪੌਜਟਿਵ ਆਈ ਸਟਾਫ਼ ਨਰਸ ਦੇ ਸੰਪਰਕ ਵਿਚ ਆਈ ਸਿੱਧੂ ਕਲੋਨੀ ਦੀ ਰਹਿਣ ਵਾਲੀ 50 ਸਾਲਾ ਸਟਾਫ਼ ਨਰਸ ਜੋ ਕਿ ਰਜਿੰਦਰਾ ਹਸਪਤਾਲ ਵਿਚ ਇੰਚਾਰਜ਼ ਨਰਸਿੰਗ ਟਿਊਟਰ ਐਮਰਜੈਂਸੀ ਮੈਡੀਸਨ ਵਾਰਡ ਪੋਸਟਡ ਹੈ ਦੀ ਵੀ ਕਰੋਨਾ ਜਾਂਚ ਪੌਜ਼ਟਿਵ ਪਾਈ ਗਈ ਹੈ।ਡੀ.ਐਮ.ਡਬਲਿਊ ਦਾ ਰਹਿਣ ਵਾਲਾ 40 ਸਾਲ ਨੌਜਵਾਨ ਜੋ ਕਿ ਦਿੱਲੀ ਤੋਂ ਵਾਪਸ ਪਰਤਿਆ ਸੀ ਅਤੇ ਰਾਜਪੁਰਾ ਦੀ ਰਹਿਣ ਵਾਲੀ 4 ਸਾਲਾ ਲੜਕੀ ਜੋ ਕਿ ਝਾਂਸੀ ਤੋਂ ਵਾਪਸ ਪਰਤੀ ਸੀ, ਦੇ ਵੀ ਕਰੋਨਾ ਜਾਂਚ ਲਈ ਲਏ ਗਏ ਨਮੂਨੇ ਕੋਵਿਡ ਪੌਜਟਿਵ ਪਾਏ ਗਏ ਹਨ।ਇਸੇ ਤਰਾਂ ਸਮਾਣਾ ਦੀ ਮਲਕਾਣਾ ਪੱਤੀ ਦਾ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਸਿਵਲ ਹਸਪਤਾਲ ਸਮਾਣਾ ਦੇ ਓਟ ਕਲੀਨਿਕ ਵਿਚ ਆਪਣੀ ਦਵਾਈ ਲੈਣ ਆਇਆ ਸੀ, ਦਾ ਵੀ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੌਜਟਿਵ ਪਾਇਆ ਗਿਆ ਹੈ।ਡਾ. ਮਲਹੋਤਰਾ ਨੇ ਦੱਸਿਆ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।
               ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਨਾਭਾ ਦਾ ਰਹਿਣ ਵਾਲਾ ਇੱਕ ਵਿਅਕਤੀ ਨੂੰ ਕਰੋਨਾ ਤੋਂ ਠੀਕ ਹੋਣ ਤੇ ਗਾਈਡ ਲਾਈਨ ਅਨੁਸਾਰ ਆਈਸੋਲੇਸ਼ਨ ਵਾਰਡ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 125 ਹੋ ਗਈ ਹੈ।
ਡਾ. ਮਲਹੋਤਰਾ ਨੇ ਕਿਹਾ ਕਿ ਜਿਲ੍ਹੇ ਵਿਚ ਜਿੰਨੇ ਵੀ ਕੋਵਿਡ ਪੌਜ਼ਟਿਵ ਕੇਸ ਰਿਪੋਰਟ ਹੋ ਰਹੇ ਹਨ।ਉਨ੍ਹਾਂ ਵਿਚ ਜਿਆਦਾਤਰ ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਹਨ।ਇਸ ਲਈ ਉਨ੍ਹਾਂ ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਵਿਅਕਤੀਆਂ, ਹੋਟਲਾਂ ਅਤੇ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਮੁੜ ਅਪੀਲ ਕੀਤੀ ਕਿ ਉਨ੍ਹਾਂ ਦੇ ਵਪਾਰਕ ਅਦਾਰੇ ਵਿਚ ਜਿੰਨੀ ਵੀ ਲੇਬਰ ਬਾਹਰੀ ਰਾਜਾਂ ਤੋਂ ਕੰਮ ਕਾਜ ਲਈ ਆ ਰਹੀ ਹੈ, ਉਹ ਇਸ ਦੀ ਸੂਚਨਾ ਜਿਲ੍ਹਾ ਸਿਹਤ ਵਿਭਾਗ ਨੂੰ ਕੰਟਰੋਲ ਰੂਮ ਨੰਬਰ 0175-5128793 ਜਾਂ 0175-5127793 ਤੇ ਜਰੂਰ ਦੇਣ ਤਾਂ ਜੋ ਉਨ੍ਹਾਂ ਦੇ ਕੋਵਿਡ ਸਬੰਧੀ ਸੈਂਪਲ ਲਏ ਜਾ ਸਕਣ।ਉਨ੍ਹਾਂ ਘਰ ਵਿਚ ਇਕਾਂਤਵਾਸ ਵਿਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਰਜਿਸਟਰਡ ਮੋਬਾਇਲ ਵਿਚ ਕੋਵਾ ਐਪ ਜਰੂਰ ਡਾਊਨਲੋਡ ਕਰਨ ਤਾਂ ਜੋ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿਣ ਸਕਣ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਉਨ੍ਹਾਂ ਦੀ ਸਮੇਂ-ਸਮੇਂ ਜਾਂਚ ਕੀਤੀ ਜਾ ਸਕੇ।
                  ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 391 ਸੈਂਪਲ ਲਏ ਗਏ ਹਨ।ਉਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 12692 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ ਦੇ 162 ਕੋਵਿਡ ਪੌਜ਼ਟਿਵ, 11406 ਨੈਗੇਟਿਵ ਅਤੇ 1124 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ ਤਿੰਨ ਪੌਜ਼ਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 125 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 34 ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …