ਪਵਿੱਤਰ ਜੰਗਲ ਨੇ ਦਿੱਤਾ ਜੰਗਲ ਤੇ ਵਾਤਾਵਰਣ ਬਚਾਉਣ ਦਾ ਸੁਨੇਹਾ – ਵੀ.ਸੀ ਪ੍ਰੋ. ਸੰਧੂ
ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਵਰਤਮਾਨ ਸਮੇਂ ਵਿਚ ਵਿਕਾਸ ਦੇ ਨਾਂ `ਤੇ ਧਰਤੀ ਤੋਂ ਜੰਗਲਾਂ ਅਤੇ ਬਨਸਪਤੀ ਦਾ ਸਫਾਇਆ ਹੋ ਰਿਹਾ
ਹੈ ਅਤੇ ਵਾਤਾਵਰਣ ਸੰਤੁਲਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਗਪਗ 2000 ਰੁੱਖਾਂ ਅਤੇ ਝਾੜੀਆਂ ਵਾਲੇ ਪਵਿੱਤਰ ਜੰਗਲ ਦਾ ਉਦਘਾਟਨ ਕਰਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਅੱਜ ਇਕ ਵਾਰ ਫਿਰ ਦੁਨੀਆ ਨੂੰ `ਬਲਿਹਾਰੀ ਕੁਦਰਤ ਵਸਿਆ` ਦਾ ਸੁਨੇਹਾ ਦਿੰਦਿਆਂ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਸਾਨੂੰ ਵਿਕਾਸ ਸ਼ਬਦ ਨੂੰ ਮੁੜ ਘੋਖਣਾ ਚਾਹੀਦਾ ਹੈ ਅਤੇ ਵਿਕਾਸ ਵਿਚ ਇਕਹਿਰੀ ਸੋਚ ਨੂੰ ਛੱਡ ਕੇ ਵਿਕਾਸ ਦੇ ਅਰਥਾਂ ਵਿਚ ਵਾਤਾਵਰਣ ਸਮੇਤ ਜ਼ਿੰਦਗੀ ਦੇ ਸਾਰੇ ਹੀ ਪੱਖਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲੱਗਣੇ ਸ਼ੁਰੂ ਹੋਏ ਇਸ ਜੰਗਲ ਦਾ ਇਹ ਵੀ ਸੁਨੇਹਾ ਸੀ ਕਿ ਜੇਕਰ ਧਰਤੀ ਉਪਰ ਜੰਗਲਾਂ ਨੂੰ ਨਾਂ ਸਾਂਭਿਆ ਗਿਆ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਸਾਹਮਣੇ ਬਹੁਤ ਨਿਮਨ ਦਰਜੇ ਦਾ ਵਾਤਾਵਰਣ ਅਤੇ ਚੌਗਿਰਦਾ ਦਰਪੇਸ਼ ਹੋਵੇਗਾ ਜੋ ਕਿ ਵੱਡੀਆਂ ਸਿਹਤ ਅਲਾਮਤਾਂ ਭਰਪੂਰ ਹੋ ਸਕਦਾ ਹੈ।
ਯੂਨੀਵਰਸਿਟੀ ਵਿਖੇ ਲੱਗਣਾ ਸ਼ੁਰੂ ਹੋਇਆ ਇਹ ਜੰਗਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜਿਸ ਵਿਚ 28 ਫੀਸਦ ਬੂਟੇ ਛਾਂ ਦਾਰ, 24 ਫੀਸਦ ਫਲਦਾਰ, 24 ਫੀਸਦ ਫੁੱਲਦਾਰ ਅਤੇ 24 ਫੀਸਦ ਹੀ ਦਵਾਈਆਂ ਵਾਲੇ ਬੂਟੇ ਲਗਾਏ ਜਾ ਰਹੇ ਹਨ।ਇਸ ਜੰਗਲ ਦੀ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ। ਅੱਜ ਲੱਗਣੇ ਸ਼ੁਰੂ ਹੋਏ ਜੰਗਲ ਦੇ ਉਦਘਾਟਨੀ ਸਮਾਗਮ ਮੌਕੇ ਬਾਬਾ ਸੇਵਾ ਸਿੰਘ, ਵਾਈਸ ਚਾਂਸਲਰ, ਪ੍ਰ੍ਰੋ. ਜਸਪਾਲ ਸਿੰਘ ਸੰਧੂ, ਬਾਗਬਾਨੀ ਸਲਾਹਕਾਰ, ਡਾ. ਜੇ.ਐਸ. ਬਿਲਗਾ ਤੋਂ ਇਲਾਵਾ ਯੂਨੀਵਰਸਿਟੀ ਅਤੇ ਸ਼ਹਿਰ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।
ਬਾਬਾ ਸੇਵਾ ਸਿੰਘ ਨੇ ਕਿਹਾ ਕਿ ਨਿਸ਼ਾਨ-ਏ-ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਹੁਣ ਤਕ 48 ਜੰਗਲ ਵੱਖ ਵੱਖ ਥਾਵਾਂ ਵਿਚ ਲਗਾਏ ਜਾ ਚੁੱਕੇ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ 49ਵਾਂ ਜੰਗਲ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦਿਆਂ ਅਸੀਂ ਆਪਣੇ ਵਾਤਾਵਰਣ ਪ੍ਰਤੀ ਜਿੰੰਮੇਵਾਰੀਆਂ ਨੂੰ ਨਹੀਂ ਨਿਭਾਇਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗਲਾਂ ਦੀ ਸੇਵਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਹੀ ਵਾਤਾਵਰਣ ਪ੍ਰਤੀ ਉਸਾਰੂ ਕੰਮ ਕਰਨ ਹਿਤ ਸਰਗਰਮ ਰਹਿੰਦੀ ਹੈ ਅਤੇ ਵਾਤਾਵਰਣ ਅਤੇ ਚੌਗਿਰਦੇ ਦੇ ਸੰਤੁਲਨ ਦੀ ਗੰਭੀਰਤਾ ਨੂੰ ਹਮੇਸ਼ਾ ਧਿਆਨ ਵਿਚ ਰੱਖਿਆ ਜਾਂਦਾ ਹੈ।ਉਨਾਂ੍ਹ ਕਿਹਾ ਕਿ ਜੰਗਲ ਲਾਉਣ ਤੋਂ ਇਲਾਵਾ ਯੂਨੀਵਰਸਿਟੀ ਦੀਆਂ ਵੱਖ ਵੱਖ ਸੜਕਾਂ ਦੇ ਕਿਨਾਰੇ 700 ਦੇ ਲਗਪਗ ਰੁੱਖ ਵੀ ਬਾਬਾ ਜੀ ਵੱਲੋਂ ਲਗਾਏ ਗਏ ਹਨ।
ਡਾ. ਬਿਲਗਾ ਨੇ ਜੰਗਲ ਬਾਰੇ ਦੱਸਦਿਆਂ ਕਿਹਾ ਕਿ ਲਗਪਗ 2 ਏਕੜ ਵਿਚ ਬਣਾਏ ਜਾ ਰਹੇ ਇਸ ਜੰਗਲ ਵਿਚ ਵੱਖ ਵੱਖ ਛਾਂ,ਫਲ,ਫੁਲ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਜਾ ਰਹੇ ਹਨ ਜਿਨ੍ਹਾਂ ਵਿਚ ਤ੍ਰਿਵੈਣੀ (ਬੋਹੜ ਪਿੱਪਲ ਨਿੰਮ) ਤ੍ਰਿਫਲਾ (ਹਰੜ ਬਹੇੜਾ ਆਵਲਾ), ਚੰਦਨ, ਜੰਡ, ਟਾਹਲੀ, ਦੇਸੀ ਕਿੱਕਰ, ਸ਼ਹਿਤੂਤ, ਅਰਜਨ, ਗੁੱਲੜ, ਧਰੇਕ, ਅੰਬ, ਜਾਮਨ, ਅਮਰੂਦ, ਆੜੂ, ਲਸੂੜਾ, ਦੇਸੀ ਬੇਰੀ, ਬਿੱਲ ਪੱਤਰ, ਅਨਾਰ, ਢੇਊ, ਬਕੈਣ, ਸ਼ਰੀਹ, ਸੁਹੰਜਣਾ, ਕਚਨਾਰ, ਪੁਤਰਨ ਜੀਵਾ, ਕੜ੍ਹੀ ਪੱਤਾ, ਕਣਕ ਚੰਪਾ, ਝਿਰਮਿਲ ਸੁਖਚੈਨ, ਸੁਖਚੈਨ, ਸਾਗਵਾਨ, ਢੱਕ, ਅਮਲਤਾਸ, ਪਹਾੜੀ ਕਿਕਰ, ਬਾਂਸ, ਚਾਂਦਨੀ, ਸਾਊਨੀ ਜਾਂ ਛਾਵਣੀ, ਮਰੂਆ ਜਾਂ ਮਧੂ ਕਾਮਨੀ, ਹਾਰ ਸ਼ਿੰਗਾਰ, ਰਾਤ ਦੀ ਰਾਣੀ, ਜਟਰੋਫਾ, ਕਨੇਰ, ਚਕਰੇਸੀਆ, ਤੁਨ, ਕੁਸਮ, ਅੰਜੀਰ, ਕਟਹਲ ਹਵਿਸਕਸ ਆਦਿ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਇਸ ਅਜਿਹੇ ਬੂਟੇ ਵੀ ਲਗਾਏ ਜਾਣਗੇ ਜੋ ਕਿ ਸਾਡੇ ਵਾਤਾਵਰਣ ਵਿਚੋਂ ਲੁਪਤ ਹੋ ਰਹੇ ਹਨ।
ਡਾ. ਬਿਲਗਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਲੈਂਡਸਕੇਪ ਤੇ ਬਾਗਬਾਨੀ ਅਮਲਾ ਹਮੇਸ਼ਾ ਹੀ ਬੂਟਿਆਂ ਅਤੇ ਵਾਤਾਵਰਣ ਸੰਭਾਲ ਲਈ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਸਾਲ ਸਾਉਣ ਮਹੀਨੇ ਦਾ ਇੰਤਜ਼ਾਰ ਰਹਿੰਦਾ ਹੈ ਤਾਂ ਜੋ ਯੂਨੀਵਰਸਿਟੀ ਵਿਚ ਹੋਰ ਦਰਖਤ ਲਗਾਏ ਜਾਣ ਅਤੇ ਯੂਨੀਵਰਸਿਟੀ ਹਰੇ ਭਰੇ ਵਾਤਾਵਰਣ ਨਾਲ ਹੋਰ ਮਹਿਕਾਂ ਵੰਡੇ।