
ਫਾਜਿਲਕਾ, 17 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਦੀਵਾਲੀ ਦੇ ਮੌਕੇ ‘ਤੇ ਵਿਕਣ ਵਾਲੀ ਮਠਿਆਈ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਅੱਜ ਫ਼ਾਜ਼ਿਲਕਾ ਵਿਖੇ ਫੂਡ ਇੰਸਪੈਕਟਰ ਮੈਡਮ ਗਗਨਦੀਪ ਕੌਰ ਨੇ ੧ ਦਰਜ਼ਨ ਤੋਂ ਵੱਧ ਹਲਵਾਈਆਂ ਦੀਆਂ ਦੁਕਾਨਾਂ ਅਤੇ ਗਡਾਉਂਨਾਂ ਦੀ ਚੈਕਿੰਗ ਕੀਤੀ। ਸਰਕਾਰ ਇਨ੍ਹਾਂ ਮਠਿਆਈਆਂ ਦੀ ਚੈਕਿੰਗ ਤਾਂ ਕਰਵਾ ਰਹੀ ਹੈ, ਪਰ ਇਨ੍ਹਾਂ ਦੇ ਨਮੂਨਿਆਂ ਦੇ ਨਤੀਜੇ ਇਕ ਮਹੀਨਾ ਬਾਅਦ ਆਉਣਗੇ, ਪਰ ਬਦਕਿਸਮਤੀ ਨਾਲ ਚੰਗੀਆਂ ਮਾੜੀਆਂ ਮਠਿਆਈਆਂ ਸਭ ਦੀਵਾਲੀ ਮੌਕੇ ਵਿਕ ਜਾਣਗੀਆਂ। ਅੱਜ ਫ਼ਾਜ਼ਿਲਕਾ ਵਿਚ ਹੋਈ ਛਾਪੇਮਾਰੀ ਸਬੰਧੀ ਫੂਡ ਇੰਸਪੈਕਟਰ ਗਗਨਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਦੁਕਾਨਾਂ ਦੇ ਨਾਂਅ ਤਾਂ ਨਹੀ ਦੱਸ ਸਕਦੇ, ਪਰ ਇਕ ਦਰਜ਼ਨ ਤੋਂ ਵੱਧ ਦੁਕਾਨਾਂ ਦੀ ਚੈਕਿੰਗ ਕੀਤੀ ਹੈ। ਉਨ੍ਹਾਂ ਤੋਂ ਸੈਂਪਲਾਂ ਦੇ ਨਤੀਜੇ ਦੀਵਾਲੀ ਤੋਂ ਬਾਅਦ ਆਉਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕਾਨੂੰਨ ਹੀ ਅਜਿਹਾ ਹੈ, ਉਹ ਇਸ ਵਿਚ ਕੀ ਕਰ ਸਕਦੇ ਹਨ।