ਸਰਕਾਰ 26 ਜਨਵਰੀ ਅਤੇ 15 ਅਗਸਤ ‘ਤੇ ਸ਼ਹੀਦਾਂ ਦੇ ਬੁੱਤਾਂ ਨੂੰ ਪੂਜਣਾ ਛੱਡੇ – ਖਾਲਸਾ
ਸੁਨਾਮ ਊਧਮ ਸਿੰਘ ਵਾਲਾ/ ਲੌਂਗੋਵਾਲ, 31 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਵਿਖੇ ਜਿਥੇ ਸਰਕਾਰ ਵਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਉਥੇ ਹੀ ਪੰਜਾਬ ਸਰਕਾਰ ਤੋਂ ਖਫਾ ਫਰੀਡਮ ਫਾਈਟਰਾਂ ਦੇ ਵਾਰਸਾਂ ਵਲੋਂ ਲਟਕ ਰਹੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਆਈ.ਟੀ.ਆਈ ਚੌਕ ਵਿਖੇ ਧਰਨਾ ਦਿੱਤਾ ਗਿਆ ਅਤੇ ਕੇਂਦਰ ਤੇ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਕੁੱਝ ਫਰੀਡਮ ਫਾਈਟਰਾਂ ਦੇ ਵਾਰਸ ਤਾਂ ਪਾਣੀ ਵਾਲੀ ਟੈਂਕੀ ਉਪਰ ਪੈਟਰੋਲ ਦੀਆਂ ਬੋਤਲਾਂ ਹੱਥਾਂ `ਚ ਲੈ ਕੇ ਚੜ੍ਹ ਗਏ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਤਮਦਾਹ ਕਰਨ ਲਈ ਮਜਬੂਰ ਹੋਣਗੇ।ਇਸ ਨਾਲ ਸਥਾਨਕ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।ਮੌਕੇ ਤੇ ਪਹੁੰਚੇ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਅਤੇ ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ ਵਲੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਫਰੀਡਮ ਫਾਈਟਰਾਂ ਦੇ ਵਾਰਸਾਂ ਸਮਝਾ ਕੇ ਹੇਠਾਂ ਉਤਾਰਿਆ ਅਤੇ ਉਨ੍ਹਾਂ ਦੀਆਂ ਮੰਗਾਂ 5 ਅਗਸਤ ਤੱਕ ਪੂਰੀਆਂ ਕਰਨ ਦਾ ਵਾਅਦਾ ਕੀਤਾ।
ਇਸ ਸਮੇਂ ਫ਼ਰੀਡਮ ਫਾਈਟਰ ਜਥੇਬੰਦੀ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਅੱਜ ਦੇ ਰੋਸ ਪ੍ਰਦਰਸ਼ਨ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਫਰੀਡਮ ਫਾਈਟਰਾਂ ਦੇ ਵਾਰਸ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਹਨ।ਇਸ ਸ਼ਹਿਰ ‘ਚ ਸ਼ਹੀਦ ਊਧਮ ਸਿੰਘ ਜੀ ਦੇ ਤਿੰਨ ਬੁੱਤ ਲੱਗੇ ਹੋਏ ਹਨ।ਜਿਨ੍ਹਾਂ ਵਿੱਚੋਂ ਇੱਕ ਕਾਂਗਰਸ, ਇੱਕ ਅਕਾਲੀ ਦਲ ਅਤੇ ਤੀਜਾ ਬੁੱਤ ਆਮ ਲੋਕਾਂ ਦਾ ਹੈ। ਉਹ ਪਿਛਲੇ ਦੋ ਸਾਲਾਂ ਤੋਂ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ ਕਿ ਸਰਕਾਰ ਵਲੋਂ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਫਰੀ, ਟਿਊਬਲ ਕੁਨੈਕਸ਼ਨ, ਬੱਸ ਪਾਸ, ਫਰੀ ਟੋਲ ਪਲਾਜ਼ਾ ਅਤੇ ਤਿੰਨ ਪ੍ਰਤੀਸ਼ਤ ਨੌਕਰੀ ਕੋਟਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਦਾ ਨੋਟੀਫੀਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ ਅਤੇ ਕਾਪੀਆਂ ਉਨਾਂ ਕੋਲ ਹਨ।ਖਾਲਸਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਹੀ ਮੰਨਣੀਆਂ ਤਾਂ ਸਰਕਾਰ 15 ਅਗਸਤ ਅਤੇ 26 ਜਨਵਰੀ ਤੇ ਸ਼ਹੀਦਾਂ ਦੇ ਬੁੱਤਾਂ ਨੂੰ ਪੂਜਣਾ ਛੱਡ ਦੇਵੇ।
ਇਸ ਮੌਕੇ ਭਰਪੂਰ ਸਿੰਘ ਰੰਘੜਿਆਲ, ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਲੀਗਲ ਅਡਵਾਈਜਰ ਐਡਵੋਕੇਟ ਦਲਬੀਰ ਸਿੰਘ ਡੱਲੀ, ਇੰਡੀਆ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ, ਰਾਮ ਸਿੰਘ ਮਿੱਡਾ ਮੁਕਤਸਰ ਸਾਹਿਬ, ਬਲਦੇਵ ਸਿੰਘ ਫਰੀਦਕੋਟ, ਮੇਘ ਰਾਜ ਕਵੀਸ਼ਰ ਨਾਗਰੀ, ਚੇਤਨ ਸਿੰਘ ਮਾਨਸਾ ਜਿਲ੍ਹਾ ਪ੍ਰਧਾਨ, ਸਿਆਸਤ ਸਿੰਘ ਜਿਲ੍ਹਾ ਪ੍ਰਧਾਨ ਸੰਗਰੂਰ, ਰਵਿੰਦਰ ਕਪੂਰ ਜਿਲ੍ਹਾ ਪ੍ਰਧਾਨ ਲੁਧਿਆਣਾ, ਜਸਮੀਤ ਕੌਰ ਲੁਧਿਆਣਾ, ਮਲਕੀਤ ਸਿੰਘ ਬਰਨਾਲਾ ਜਿਲ੍ਹਾ ਪ੍ਰਧਾਨ, ਪੂਰਨ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ, ਬਲਵਿੰਦਰ ਸਿੰਘ ਲੁਧਿਆਣਾ ,ਸੁਖਵਿੰਦਰ ਸਿੰਘ ਪਟਿਆਲਾ, ਜਸਵੀਰ ਸਿੰਘ ਪਟਿਆਲਾ, ਅਵਤਾਰ ਸਿੰਘ ਰਾਏਕੋਟ, ਰਾਮਪਾਲ ਸਿੰਘ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ, ਨਿਰਭੈ ਸਿੰਘ ਬਠਿੰਡਾ ਜਸਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਫਰੀਡਮ ਫਾਈਟਰਾਂ ਦੇ ਵਾਰਸ ਹਾਜ਼ਰ ਸਨ।