ਨਕਲ ਵਿਰੋਧੀ ਅਭਿਆਨ ਦੇ ਜ਼ੋਨ ਪੱਧਰੀ ਜਾਗਰੂਕਤਾ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਜਲੰਧਰ, 17 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ)- ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਕਲ ਦੇ ਰੁਝਾਨ ਦੇ ਮੁਕੰਮਲ ਖਾਤਮੇ ਲਈ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਇਸ ਨਾਂਹ-ਪੱਖੀ ਰੁਝਾਨ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ।
ਅੱਜ ਸਥਾਨਕ ਸੀ.ਟੀ.ਗਰੁੱਪ ਆਫ ਇੰਸਟੀਚਿਊਟਸ ਵਿਖੇ ਨਕਲ ਵਿਰੋਧੀ ਅਭਿਆਨ ਦੇ ਜ਼ੋਨ ਪੱਧਰੀ ਜਾਗਰੂਕਤਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2013 ਤੋਂ ਸ਼ੁਰੂ ਕੀਤੀ ਗਈ ਨਕਲ ਵਿਰੋਧੀ ਇਸ ਮੁਹਿੰਮ ਦੇ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਨਕਲ ਦੇ ਰੁਝਾਨ ਦੇ ਮੁਕੰਮਲ ਖਾਤਮੇਂ ਲਈ ਵਿਦਿਆਥੀਆਂ ਵਿੱਚ ਸਵੈ-ਭਰੋਸੇ ਵਰਗੇ ਗੁਣ ਪੈਦਾ ਕਰਨ ਅਤੇ ਸਰਬਪੱਖੀ ਸ਼ਖਸੀਅਤ ਉਸਾਰੀ ਲਈ ਉਸਾਰੂ ਮਾਹੌਲ ਸਿਰਜਣ ਲਈ ਜਿਥੇ ਇਸ ਮੁਹਿੰਮ ਸਦਕਾ ਵਿਦਿਆਰਥੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਨਕਲ ਦੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਬੋਰਡ ਵੱਲੋਂ ਵੀ ਨਾਂਹ ਪੱਖੀ ਭੂਮਿਕਾ ਵਾਲੇ ਪ੍ਰੀਖਿਆ ਕੇਂਦਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮੁਕਾਬਲੇ ਵਾਲੇ ਇਸ ਦੌਰ ਦੇ ਹਾਣੀ ਬਣਾਉਣ ਲਈ ਹੋਰ ਉਸਾਰੂ ਵਿਦਿਅਕ ਮਾਹੌਲ ਸਿਰਜਣ ਖਾਤਰ ਸਿੱਖਿਆ ਵਿਭਾਗ, ਵਿਦਿਆਰਥੀਆਂ ਦੇ ਮਾਪਿਆਂ, ਸਮਾਜਿਕ ਸੰਗਠਨਾਂ ਅਤੇ ਸਮੂਹਕ ਹੰਭਲਾ ਮਾਰਨ ਦੀ ਸੰਜੀਦਾ ਲੋੜ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਵਿਦਿਅਕ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
ਸਮਾਗਮ ਉਪਰੰਤ ਪੰਜਵੀਂ ਕਲਾਸ ਅਤੇ ਅੱਠਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਮੁੜ ਸ਼ੁਰੂ ਕੀਤੇ ਜਾਣ ਲਈ ਸਿੱਖਿਆ ਦੇ ਅਧਿਕਾਰ ਕਾਨੂੰਨ ‘ਚ ਸੋਧ ਦੀ ਮੰਗ ਸਬੰਧੀ ਮੀਡੀਆ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਡਾ. ਚੀਮਾ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਕੇਂਦਰੀ ਕਮੇਟੀ ਪਾਸ ਭੇਜਿਆ ਜਾ ਚੁੱਕਿਆ ਹੈ ਜਿਸ ਬਾਰੇ ਫੈਸਲਾ ਹੋਣਾ ਬਾਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਕਲ ਵਿਰੋਧੀ ਮੁਹਿੰਮ ਨੂੰ ਪਹਿਲਾਂ ਵਾਂਗ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਾਲੂ ਰੱਖਿਆ ਜਾਵੇਗਾ।ਸਮਾਗਮ ਦੌਰਾਨ ਸਿੱਖਿਆ ਮੰਤਰੀ ਵੱਲੋਂ ਨਕਲ ਵਿਰੋਧੀ ਮੁਹਿੰਮ ਤਹਿਤ ਲੇਖ ਮੁਕਾਬਲੇ, ਮਿੰਨੀ ਮੈਰਾਥਨ ਤੇ ਹੋਰ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਵਿਦਿਆਰਥੀਆਂ ਅਤੇ ਇਸ ਮੁਹਿੰਮ ਤਹਿਤ ਵਧੀਆ ਕੰਮ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਵੀ ਸਨਮਾਨ ਕੀਤਾ ਗਿਆ। ਸਿੱਖਿਆ ਮੰਤਰੀ ਵੱਲੋਂ ਨਕਲ ਵਿਰੋਧੀ ਮੁਹਿੰਮ ਤਹਿਤ ਛਾਪੀ ਕਿਤਾਬ ਅਤੇ ਤਿਆਰ ਕੀਤੀ ਗਈ ਸੀ.ਡੀ. ਵੀ ਜਾਰੀ ਕੀਤੀ ਗਈ। ਸਮਾਗਮ ਦੌਰਾਨ ਵਿਧਾਇਕ ਸ੍ਰੀ ਪ੍ਰਗਟ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਸ ਮੁਹਿੰਮ ਸਦਕਾ ਨਕਲ ਦਾ ਰੁਝਾਨ ਸੂਬੇ ਵਿੱਚੋਂ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਹੈ ਪਰ ਇਸ ਦੇ ਮੁਕੰਮਲ ਖਾਤਮੇਂ ਲਈ ਹੋਰ ਸਾਂਝੇ ਯਤਨਾਂ ਦੀ ਜ਼ਰੂਰਤ ਹੈ। ਡਿਪਟੀ ਡਾਇਰੈਕਟਰ ਐਨ.ਸੀ.ਆਰ.ਟੀ-ਕਮ-ਕਨਵੀਨਰ ਨਕਲ ਵਿਰੋਧੀ ਮੁਹਿੰਮ ਪੰਜਾਬ ਸ੍ਰੀਮਤੀ ਸ਼ਰੂਤੀ ਸ਼ੁਕਲਾ ਵੱੱਲੋਂ ਇਸ ਮੁਹਿੰਮ ਤਹਿਤ ਹੋਈਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ।ਸਮਾਗਮ ਦੌਰਾਨ ਸਕੂਲੀ ਵਿਦਿਆਥੀਆਂ ਵੱਲੋਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਯੋਜਨਾਂ ਕਮੇਟੀ ਦੇ ਚੇਅਰਮੈਨ ਸ੍ਰੀ ਗੁਰਚਰਨ ਸਿੰਘ ਚੰਨੀ, ਐਸ.ਜੀ.ਪੀ.ਸੀ ਮੈਂਬਰ ਸ੍ਰੀ ਪਰਮਜੀਤ ਸਿੰਘ ਰਾਏਪੁਰ, ਮੈਂਬਰ ਐਸ.ਐਸ.ਬੋਰਡ ਸ੍ਰੀ ਦਰਸ਼ਨ ਲਾਲ ਜੇਠੂਮਾਜਰਾ, ਡੀ.ਪੀ.ਆਈ (ਐਲੇਮੈਂਟਰੀ) ਸ੍ਰੀਮਤੀ ਦਰਸ਼ਨ ਕੌਰ, ਸਰਕਲ ਸਿੱਖਿਆ ਅਫਸਰ ਸ੍ਰੀ ਮੰਗਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਹਰਿੰਦਰਪਾਲ ਸਿੰਘ, ਚੇਅਰਮੈਨ ਸੀ.ਟੀ.ਗਰੁੱਪ ਆਫ ਇੰਸਟੀਚਿਊਟਸ ਸ੍ਰੀ ਚਰਨਜੀਤ ਸਿੰਘ ਚੰਨੀ, ਜ਼ਿਲ੍ਹਾ ਗਾਈਡੈਂਸ ਕਾਊੰਸਲਰ ਸ੍ਰੀ ਸੁਰਜੀਤ ਲਾਲ ਅਤੇ ਹੋਰ ਹਾਜ਼ਰ ਸਨ।