Saturday, April 20, 2024

ਇੰਡੀਆ ਟੂਡੇ ਰੈਂਕਿੰਗ-2020 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਉਤਰੀ ਭਾਰਤ ਦੀ ਮੋਹਰੀ ਯੂਨੀਵਰਸਿਟੀ

ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿਚੋਂ 20ਵੇਂ ਸਥਾਨ `ਤੇ

ਅੰਮ੍ਰਿਤਸਰ, 8 ਅਗਸਤ (ਖੁਰਮਣੀਆਂ) – “ਇੰਡੀਆ ਟੂਡੇ ਰੈਂਕਿੰਗ 2020” ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ੳੱੁਤਰੀ ਭਾਰਤ ਦੀਆਂ ਉੱਚੇਰੀ ਸਿੱਖਿਆ ਸੰਸਥਾਨਾਂ, ਰਾਜ ਸਰਕਾਰ ਯੂਨੀਵਰਸਿਟੀਆਂ ਵਿਚੋਂ ਟੌਪ ਪੁਜੀਸ਼ਨ ਪ੍ਰਦਾਨ ਕੀਤੀ ਗਈ ਹੈ।ਆਰਟਸ, ਸਾਇੰਸ ਤੇ ਤਕਨਾਲੋਜੀ ਅਨੁਸ਼ਾਸਨਾਂ ਦੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਜੰਮੂ, ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਜਾਂ ਚੰਡੀਗੜ੍ਹ ਦੀ ਕਿਸੇ ਵੀ ਸਿੱਖਿਆ ਸੰਸਥਾ ਨੇ ਕੋਈ ਪੁਜੀਸ਼ਨ, ਇਥੋਂ ਤਕ ਕਿ ਪਹਿਲੇ 35 ਸਥਾਨਾਂ ਵਿਚ ਵੀ ਕੋਈ ਪੁਜੀਸ਼ਨ ਹਾਸਲ ਨਹੀਂ ਕੀਤੀ ਹੈ।
               ਓਵਰਆਲ ਰੈਂਕਿੰਗ ਦੇ ਹਿਸਾਬ ਨਾਲ ਇਸ ਰੈਂਕਿੰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਸੈਂਟਰਲ, ਪਬਲਿਕ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 20ਵਾਂ ਓਵਰਆਲ ਸਥਾਨ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਸਟੇਟ ਯੂਨੀਵਰਸਿਟੀਜ਼ ਵਿਚ 11ਵਾਂ ਸਥਾਨ ਪ੍ਰਦਾਨ ਕੀਤਾ ਗਿਆ ਹੈ।
             ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ ਵੱਖ ਖੇਤਰਾਂ ਵਿਚ ਉਚ ਕਿਸਮ ਦੀਆਂ ਪ੍ਰਾਪਤੀਆਂ ਸਦਕਾ ਭਾਰਤ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਆਪਣੀ ਇਕ ਵੱਖਰੀ ਦਿੱਖ ਦੇ ਤੌਰ `ਤੇ ਉੱਭਰ ਕੇ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਰਲਡ ਯੂਨੀਵਰਸਿਟੀ ਰੈਂਕਿੰਗ ਵਿਚ ਟੌਪ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਸ਼ਾਮਿਲ ਕਰਨ ਦੇ ਨਾਲ-ਨਾਲ ਦੁਨੀਆਂ ਦੀਆਂ 9 ਫ਼ੀਸਦੀ ਯੂਨੀਵਰਸਿਟੀਆਂ ਵਿਚ ਵੀ ਇਸ ਯੂਨੀਵਰਸਿਟੀ ਦਾ ਨਾਮ ਦਰਜ ਹੈ। ਨੇਚਰ ਇੰਡੈਕਸ ਨੇ ਇਸ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਟੌਪ 4 ਵਿਦਿਅਕ ਸੰਸਥਾਵਾਂ ਵਿਚ ਅਤੇ ਉਤਰੀ ਭਾਰਤ ਦੀਆਂ ਟੌਪ 10 ਸੰਸਥਾਵਾਂ ਵਿਚ ਥਾਂ ਦਿੱਤਾ ਹੈ।
               ਲਗਾਤਾਰ ਪਿਛਲੇ ਤਿੰਨ ਵਰ੍ਹਿਆਂ ਤੋਂ ਯੂਨੀਵਰਸਿਟੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਨਿਰਫ) ਵਿਚ ਆਪਣੀ ਪੁਜੀਸ਼ਨ ਨੂੰ ਉਚਾਈਆਂ ਵੱਲ ਲਿਜਾਅ ਰਹੀ ਹੈ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਨਿਰਫ-2020) ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀ ਟੌਪ ਸਟੇਟ ਪਬਲਿਕ ਯੂਨੀਵਰਸਿਟੀ ਦੇ ਨਾਲ-ਨਾਲ ਦੇਸ਼ ਦੀਆਂ ਸਾਰੀਆਂ ਸੈਂਟਰਲ, ਪਬਲਿਕ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 51ਵਾਂ ਸਥਾਨ ਪ੍ਰਾਪਤ ਹੋਇਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਜਿਥੇ ਇੰਡੀਆ ਟੂਡੇ ਦਾ ਧੰਨਵਾਦ ਕੀਤਾ ਹੈ ਉਥੇ ਓਨ੍ਹਾਂ ਨੇ ਇੰਡੀਆ ਟੂਡੇ ਰੈਂਕਿੰਗ ਪੈਰਾਮੀਟਰਜ਼ ਦੇ ਓਵਰਆਲ ਸਕੋਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2019 ਦੇ ਵਿਚ 71 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ ਜਦੋਂਕਿ 2020 ਵਿਚ 74 ਫ਼ੀਸਦੀ ਅੰਕ ਲੈ ਕੇ ਉਤਰੀ ਭਾਰਤ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਲਗਾਤਾਰ ਵੱਖ-ਵੱਖ ਸਰਵਿਆਂ ਵਿਚ ਗੁਣਵਤਾ ਤੇ ਗਵਰਨੈਂਸ, ਅਕਾਦਮਿਕਤਾ ਤੇ ਖੋਜ, ਢਾਂਚਾ ਅਤੇ ਕੈਂਪਸ ਅਨੁਭਵ, ਸ਼ਖ਼ਸ਼ੀਅਤ ਅਤੇ ਲੀਡਰਸ਼ਿਪ ਵਿਕਾਸ, ਕਰੀਅਰ ਅਤੇ ਪਲੇਸਮੈਂਟ ਆਦਿ ਸਾਰੇ ਹੀ ਖੇਤਰਾਂ ਵਿਚ ਪਿਛਲੇ ਸਾਲਾਂ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ ਜਿਸ ਦਾ ਸਿਹਰਾ ਉਨ੍ਹਾਂ ਨੇ ਅਧਿਆਪਕ, ਖੋਜ-ਕਰਤਾਵਾਂ ਤੇ ਸਟਾਫ ਦੇ ਸਿਰ ਸਜਾਉਂਦਿਆਂ ਕਿਹਾ ਕਿ ਆਉਣ ਵਾਲੇ ਸਾਲਾਂ ਵੀ ਯੂਨੀਵਰਸਿਟੀ ਉਨ੍ਹਾਂ ਦੀ ਮਿਹਨਤ ਤੇ ਉਸਾਰੂ ਸੋਚ ਅਤੇ ਉੱਦਮਾਂ ਨਾਲ ਹੋਰ ਵੀ ਉਭਰ ਕੇ ਸਾਹਮਣੇ ਆਵੇਗੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …