Thursday, July 3, 2025
Breaking News

ਨਿਵੇਸ਼ ਜਾਗਰੂਕਤਾ ਪ੍ਰੋਗਰਾਮ ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ

ਨਿਵੇਸ਼ ਕਰਨ ਵੇਲੇ ਨਿਯਮਾਂ ਤੇ ਸ਼ਰਤਾਂ ਬਾਰੇ ਚੰਗੀ ਤਰ੍ਹਾਂ ਜਾਨਣਾ ਜਰੂਰੀ – ਵਿਸ਼ਾ ਮਾਹਿਰ

ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਵੱਲੋਂ ਨਿਵੇਸ਼ ਜਾਗਰੂਕਤਾ ਪ੍ਰੋਗਰਾਮ ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਬੰਬੇ ਸਟਾਕ ਐਕਸਚੇਂਜ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਵੈਬੀਨਾਰ ਦਾ ਉਦੇਸ਼ ਲੋਕਾਂ ਨੂੰ ਵਿਤ ਨਿਵੇਸ਼ ਅਤੇ ਪ੍ਰਬੰਧਨ ਬਾਰੇ ਜਾਣਕਾਰੀ ਦੇਣਾ ਸੀ।
                  ਸਕੂਲ ਦੇ ਮੁਖੀ, ਡਾ. ਮਨਦੀਪ ਕੌਰ ਨੇ ਵਿਸ਼ਾ ਮਾਹਿਰਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਵਿਤ ਨੂੰ ਸਹੀ ਵਿਊਂਤ ਨਾਲ ਪ੍ਰਬੰਧਨ ਕਰਨ `ਤੇ ਕਾਫੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਕ ਸਹੀ ਫੈਸਲਾ ਕੱਖ ਤੋਂ ਲੱਖ ਅਤੇ ਗਲਤ ਫੈਸਲਾ ਲੱਖ ਤੋਂ ਕੱਖ ਬਣਾ ਸਕਦਾ ਹੈ।ਵਿਸ਼ਾ ਮਾਹਿਰ ਸੰਜੇ ਅਗਰਵਾਲ ਨੇ ਵੈਬੀਨਾਰ ਵਿਚ ਵਿਤ ਜਾਗਰੂਕਤਾ ਬਾਰੇ ਆਪਣਾ ਭਾਸ਼ਣ ਦਿੰਦਿਆਂ ਦੱਸਿਆ ਕਿ ਸਰਮਾਏ ਨੂੰ ਵਧਾਉਣ ਲਈ ਸਹੀ ਨਿਵੇਸ਼ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਨਿਵੇਸ਼ ਕੰਪਨੀਆਂ ਆਮ ਇਨਸਾਨ ਨੂੰ ਲਾਲਚ ਦਿੰਦੀਆਂ ਹਨ ਪਰ ਹਰ ਇਕ ਨੂੰ ਉਨ੍ਹਾਂ ਦੀਆਂ ਪਾਲਿਸੀਆਂ ਤੋਂ ਜਾਣਕਾਰ ਹੋਣਾ ਜਰੂਰੀ ਹੈ ਤਾਂ ਜੋ ਉਹ ਮਾਇਆ ਜਾਲ ਵਿਚ ਨਾ ਫਸ ਜਾਣ।ਉਨ੍ਹਾਂ ਕਿਹਾ ਕਿ ਜਮੀਨ ਜਾਇਦਾਦ `ਤੇ ਨਿਵੇਸ਼ ਵਾਲੀਆਂ ਕੰਪਨੀਆਂ ਉਨ੍ਹਾਂ ਹੀ ਨਿਵੇਸ਼ਕਾਰਾਂ ਨੂੰ ਅਕਾਰਸ਼ਤ ਕਰਦੀਆਂ ਹਨ ਜਿਨ੍ਹਾਂ ਕੋਲ ਸਰਮਾਏ ਦੀ ਵੱਧ ਗੁੰਜਾਇਸ਼ ਹੋਵੇ।ਇਸ ਕਰਕੇ ਜਮੀਨ ਜਾਇਦਾਦ ਵਿਚ ਉਨ੍ਹਾਂ ਨੂੰ ਹੀ ਨਿਵੇਸ਼ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੇਲੇ ਸਮੇਂ ਦੇ ਨਾਲ ਜਾਇਦਾਦ ਦਾ ਮੁੱਲ ਡਿੱਗ ਵੀ ਜਾਂਦਾ ਹੈ ਅਤੇ ਨੁਕਸਾਨ ਹੋਣ ਦੇ ਮੌਕੇ ਵੱਧ ਜਾਂਦੇ ਹਨ।
                         ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ `ਤੇ ਕਰਵਾਏ ਗਏ ਇਸ ਵੈਬੀਨਾਰ ਦਾ ਉਦੇਸ਼ ਬੰਬੇ ਸਟਾਕ ਐਕਸਚੇਂਜ ਵੱਲੋਂ ਦਿੱਤੀਆਂ ਜਾ ਰਹੀਆਂ ਜਾਣਕਾਰੀਆਂ ਦੇਣਾ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਅਤੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਵੀ ਹੈ।ਆਨਲਾਈਨ ਪਲੇਟਫਾਰਮ ਰਾਹੀਂ ਅਸਾਨੀ ਨਾਲ ਆਪਣੀਆਂ ਔਕੜਾਂ ਦੇ ਹੱਲ ਲੱਭਣ ਬਾਰੇ ਜਾਣਕਾਰੀ ਦੇਣਾ ਵੀ ਇਸ ਵੈਬੀਨਾਰ ਦੇ ਮੁਖ ਉਦੇਸ਼ਾਂ ਦਾ ਹਿੱਸਾ ਸੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …