Thursday, July 3, 2025
Breaking News

ਖਾਲਸਾ ਕਾਲਜ ਸੋਸਾਇਟੀ ਵਲੋਂ ਵੈਬ ਅਧਾਰਿਤ ‘ਕੇ.ਸੀ.ਜੀ.ਸੀ-ਟੀਵੀ’ ਲਾਂਚ

ਕਾਨਫ਼ਰੰਸਾਂ, ਪੰਜਾਬੀ ਸੱਭਿਆਚਾਰ ਤੇ ਅਧਿਆਤਮਕ ਵਿਰਾਸਤ ਨੂੰ ਕਰੇਗਾ ਉਤਸ਼ਾਹਿਤ – ਮਜੀਠੀਆ

ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਵਿਦਿਆ, ਅਮੀਰ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਨੇ ਅੱਜ ‘ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ’ ‘ਕੇ.ਸੀ.ਜੀ.ਸੀ ਟੀਵੀ’ ਦੀ ਸ਼ੁਰੂਆਤ ਕੀਤੀ।ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ ਨਾਲ ਮਿਲ ਕੇ ਉਕਤ ਚੈਨਲ ਦੇ ਸ਼ੁਰੂਆਤ ਕਰਨ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਕੌਂਸਲ ਅਧੀਨ ਆਉਂਦੇ ਸਮੂਹ 18 ਵਿਦਿਅਕ ਅਦਾਰਿਆਂ ਨਾਲ ਸਬੰਧਿਤ ਹਰੇਕ ਪ੍ਰਕਾਰ ਦੀ ਗਤੀਵਿਧੀਆਂ ਨੂੰ ਆਨਲਾਈਨ ਪ੍ਰਸਾਰਿਤ ਕਰਨ ਲਈ ਕਿਸੇ ਵੀ ਵਿੱਦਿਅਕ ਸੰਸਥਾ ਦੁਆਰਾ ਸ਼ੁਰੂ ਕੀਤਾ ਜਾਣ ਵਾਲਾ ਇਹ ਪਹਿਲਾਂ ਵੈੱਬ ਚੈਨਲ ਹੋਵੇਗਾ।
             ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ’ਤੇ ਕੋਵਿਡ-19 ਦੇ ਮਹਾਂਮਾਰੀ ਦੇ ਮੱਦੇਨਜ਼ਰ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਵੈਬ ਟੀ.ਵੀ ਦਾ ਉਦਘਾਟਨ ਆਨਲਾਈਨ ਕੀਤਾ ਗਿਆ।ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ।ਛੀਨਾ ਨੇ ਕਿਹਾ ਕਿ ਅੱਜ ਜਦੋਂ ਕਿ ਸਾਰੀ ਦੁਨੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਇਸ ਲਈ ਕੇ.ਸੀ.ਜੀ.ਸੀ ਟੀ.ਵੀ ਦੇ ਅਗਾਜ਼ ਲਈ ਇਸ ਤੋਂ ਪਵਿੱਤਰ ਦਿਹਾੜਾ ਹੋਰ ਕੋਈ ਨਹੀਂ ਹੋੋ ਸਕਦਾ ਸੀ।
             ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਦਿੱਲੀ ਤੋਂ ਆਪਣੇ ਟੈਲੀਵਿਜ਼ਨ ਸੰਦੇਸ਼ ਰਾਹੀਂ ਕਿਹਾ ਕਿ ਇਹ ਵੈਬ ਅਧਾਰਿਤ ਟੀ.ਵੀ ਵਿੱਦਿਅਕ ਸੈਮੀਨਾਰਾਂ, ਕਾਨਫ਼ਰੰਸਾਂ, ਮਹਾਨ ਪੰਜਾਬੀ ਸਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਨੂੰ ਉਤਸ਼ਾਹਿਤ ਕਰੇਗਾ।ਦੁਨੀਆ ਭਰ ’ਚ ਫੈਲੀ ਖਾਲਸਾ ਕਾਲਜ ਦੀ ਸਫ਼ਲ ਐਲੂਮਨੀ ਵਿਦਿਆਰਥੀ ਇਸ ਚੈਨਲ ਰਾਹੀਂ ਇਤਿਹਾਸਕ ਖ਼ਾਲਸਾ ਸੰਸਥਾਵਾਂ ਨਾਲ ਜੁੜੇ ਰਹਿਣਗੇ।ਅੱਜ ਪਵਿੱਤਰ ਦਿਹਾੜੇ ’ਤੇ ਅਸੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਇਸ ਚੈਨਲ ਦਾ ਅਗਾਜ਼ ਕਰ ਰਹੇ ਹਾਂ।
                ਛੀਨਾ ਨੇ ਕਿਹਾ ਕਿ ਸੁਸਾਇਟੀ ਪੰਜਾਬ ’ਚ ਜੋ 13 ਕਾਲਜ ਅਤੇ 5 ਸਕੂਲ ਚਲਾ ਰਹੀ ਹੈ, ਉਸ ਵਿੱਚ 128 ਸਾਲ ਪੁਰਾਣਾ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਸ਼ਾਮਲ ਹੈ।ਕਾਲਜ ਦੇ ਸਮੂਹ ਪ੍ਰਿੰਸੀਪਲ, ਅਧਿਆਪਕ ਅਤੇ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਪ੍ਰੋਗਰਾਮਾਂ ਨੂੰ ਇਸ ਚੈਨਲ ’ਤੇ ਪ੍ਰਸਾਰਿਤ ਕਰਨ ’ਚ ਮਦਦਗਾਰ ਹੋਣਗੇ।ਚੈਨਲ ਦੀ ਸ਼ੁਰੂਆਤ ਨਾਲ ਖ਼ਾਲਸਾ ਕਾਲਜ ਸੁਸਾਇਟੀ ਦੇ ਇਤਿਹਾਸ ’ਚ ਇਕ ਨਵੇਂ ਅਧਿਆਇ ਦਾ ਅਗਾਜ਼ ਹੋਇਆ ਹੈ।
                ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਜੋ ਕਿ ਇਸ ਟੀ.ਵੀ ਦੇ ਸਲਾਹਕਾਰ ਸੰਪਾਦਕ ਵੀ ਹਨ, ਨੇ ਕਿਹਾ ਕਿ ਚੈਨਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਆਪਣੀ ਪੜ੍ਹਾਈ ਨਾਲ ਜੁੜਣ ’ਚ ਸਹਾਇਕ ਸਿੱਧ ਹੋਵੇਗਾ।ਕਾਰਜਕਾਰੀ ਸੰਪਾਦਕ ਡੀ.ਐਸ ਰਟੌਲ ਨੇ ਕਿਹਾ ਕਿ ਯੂ-ਟਿਊਬ ’ਤੇ ਉਪਲੱਬਧ ਇਹ ਚੈਨਲ ਪੂਰੀ ਤਰ੍ਹਾਂ ਗੈਰ ਸਿਆਸੀ ਹੋਵੇਗਾ।ਡਾ. ਅਜੈਪਾਲ ਸਿੰਘ ਢਿੱਲੋਂ ਜੋ ਕਿ ਇਸ ਚੈਨਲ ਦੇ ਡਾਇਰੈਕਟਰ ਪ੍ਰੋਗਰਾਮ ਹਨ, ਨੇ ਕਿਹਾ ਕਿ ਇਸ ਟੀ.ਵੀ ਦੀ ਸ਼ੁਰੂਆਤ ਨਾਲ ਸੋਸਾਇਟੀ ਦੇ ਇਤਿਹਾਸ ’ਚ ਇਕ ਸੁਨਿਹਰਾ ਪੰਨਾ ਜੁੜਿਆ ਹੈ।
                    ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਦੇ ਜਥੇ ਨੇ ਮਨੋਹਰ ਕੀਰਤਨ ਸੰਗਤ ਨੂੰ ਨਿਹਾਲ ਕੀਤਾ।ਇਸ ਉਪਰੰਤ ਸਿੱਖ ਖੋਜ਼ ਇਤਿਹਾਸ ਕੇਂਦਰ ਦੇ ਸਾਬਕਾ ਮੁੱਖੀ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ੍ਰੀ ਗੁਰੂ ਸਾਹਿਬ ’ਚ ਦਰਜ਼ ਬਾਣੀ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।
                 ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਪ੍ਰਿੰਸੀਪਲ ਜਗਦੀਸ਼ ਸਿੰਘ, ਰਾਜਬੀਰ ਸਿੰਘ, ਮੈਂਬਰ ਸੁਖਦੇਵ ਸਿੰਘ ਅਬਦਾਲ, ਗੁਰਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਇੰਜ਼: ਸੰਤੋਖ ਸਿੰਘ, ਪਰਮਜੀਤ ਸਿੰਘ ਬੱਲ, ਸਮੂਹ ਅਦਾਰਿਆਂ ਦੇ ਪ੍ਰਿੰਸੀਪਲ ਜਿਨ੍ਹਾਂ ’ਚ ਡਾ. ਹਰਪ੍ਰੀਤ ਕੌਰ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਡਾ. ਮਨਪ੍ਰੀਤ ਕੌਰ, ਡਾ. ਆਰ.ਕੇ ਧਵਨ, ਡਾ. ਜਸਪਾਲ ਸਿੰਘ, ਡਾ. ਹਰਭਜਨ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਕਮਲਜੀਤ ਕੌਰ, ਡਾ. ਐਸ.ਕੇ ਨਾਗਪਾਲ, ਡਾ. ਮੰਜ਼ੂ ਬਾਲਾ, ਨਾਨਕ ਸਿੰਘ, ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਅਮਰਜੀਤ ਸਿੰਘ ਗਿੱਲ, ਸ੍ਰੀਮਤੀ ਗੁਰਿੰਦਰਜੀਤ ਕੌਰ ਕੰਬੋਜ ਆਦਿ ਮੌਜ਼ੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …