Sunday, December 22, 2024

ਹਰਦਿਲ ਅਜੀਜ਼ ਲੇਖਿਕਾ – ਗਗਨਦੀਪ ਧਾਲੀਵਾਲ

            ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ, ਪਰੰਤੂ ਉਸ ਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ, ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜ਼ਮਾਨੀ ਕਰਦੀਆਂ ਹਨ।ਉਹ ਛੋਟੀ ਉਮਰੇ ਨੌਵੀਂ ਜਮਾਤ ਵਿੱਚ ਆਪਣੇ ਭਾਵਾਂ ਨੂੰ ਕਾਗ਼ਜ਼ਾਂ ‘ਤੇ ਉਕਰਨ ਲੱਗ ਪਈ ਸੀ।
                ਗਗਨ ਧਾਲੀਵਾਲ ਦਾ ਜਨਮ ਬਰਨਾਲਾ ਜਿਲਾ ਦੇ ਪਿੰਡ ਝਲ਼ੂਰ ਵਿਖੇ ਹੋਇਆ।ਪਿਤਾ ਅਜਮੇਰ ਸਿੰਘ ਤੇ ਮਾਤਾ ਸ਼ਿੰਦਰਪਾਲ ਕੌਰ ਦੇ ਸਹਿਯੋਗ ਸਦਕਾ ਅੱਜ ਗਗਨ ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਦੀ ਉਹਨਾਂ ਦਾ ਨਾਮ ਰੌਸ਼ਨ ਕਰ ਰਹੀ ਹੈ।ਗਗਨਦੀਪ ਧਾਲੀਵਾਲ ਨੇ ਦਸਵੀਂ ਤੇ ਬਾਰ੍ਹਵੀਂ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਉਚੇਰੀ ਸਿੱਖਿਆ ਬੀ.ਏ, ਬੀ.ਐਡ, ਐਮ.ਏ (ਇਤਿਹਾਸ) ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਅਤੇ ਐਸ.ਡੀ ਕਾਲਜ ਬਰਨਾਲਾ ਤੋਂ ਹਾਸਲ ਕੀਤੀ।ਐਮ. ਐਜੂਕੇਸਨ ਲਵਲੀ ਯੂਨੀਵਰਸਿਟੀ ਦੇ ਭਾਰਤੀ ਸੈਂਟਰ ਬਰਨਾਲਾ ਤੋਂ ਹਾਸਲ ਕੀਤੀ।ਗਗਨਦੀਪ ਪੰਜ ਸਾਲ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ।ਬੜੇ ਹੀ ਖੁੱਲ੍ਹੇ ਸੁਭਾਅ ਤੇ ਨੇਕ ਦਿਲ ਗਗਨ ਧਾਲੀਵਾਲ 2009 ਤੋਂ ਰਾਸ਼ਟਰੀ ਕਵੀ ਸੰਗਮ ਦੇ ਬਰਨਾਲਾ ਜਿਲਾ ਦੀ ਪ੍ਰਧਾਨ ਰਹਿ ਚੁੱਕੀ ਹੈ।ਉਸ ਤੋਂ ਬਾਅਦ ਗਗਨਦੀਪ ਨੂੰ 2018 ‘ਚ ਮਹਿਲਾ ਕਾਵਿ ਮੰਚ ਪੰਜਾਬ ਵਿੱਚ ਬਰਨਾਲਾ ਜਿਲਾ ਦੀ ਪ੍ਰਧਾਨ ਬਣਨ ਦਾ ਮੌਕਾ ਮਿਲਿਆ।ਮੌਜ਼ੂਦਾ ਸਮੇਂ ਗਗਨ ਮਹਿਲਾ ਕਾਵਿ ਮੰਚ ਪੰਜਾਬ ਦੀ ਜਨਰਲ ਸਕੱਤਰ ਹੈ।ਗਗਨਦੀਪ ਦੀਆਂ ਰਚਨਾਵਾਂ ਨੂੰ ਅਦਬੀ ਸਾਂਝ, ਸਾਹਿਤਕ ਗੁੜਤੀ, ਸਾਂਝਾ ਮੀਡੀਆ ਤੇ ਹੋਰ ਮੈਗਜ਼ੀਨਾਂ ਵਿੱਚ ਵਿਲੱਖਣ ਥਾਂ ਮਿਲ ਚੁੱਕੀ ਹੈ।ਇੱਕ ਪੰਜਾਬੀ ਅਖਬਾਰ ਵਿੱਚ ਲੱਗ ਚੁੱਕੀ ਉਸ ਦੀ ਅਫਰਾ ਕਵਿਤਾ ਨੂੰ ਭਰਵਾਂ ਹੁੰਗਾਰਾ ਮਿਲਿਆ।ਗਗਨ ਦੀਆਂ ਰਚਨਾਵਾਂ ਸਾਂਝੇ ਕਾਵਿ ਸੰਗ੍ਰਹਿ ਕਾਰਵਾਂ, ਕਾਵਿ ਅੰਜਲੀ, ਨਵੀਂਆਂ ਪੈੜਾਂ ਵਿੱਚ ਛਪ ਚੁੱਕੀਆਂ ਹਨ।ਸਾਬਕਾ ਪ੍ਰੋ. ਡਾਕਟਰ ਹੁਕਮ ਚੰਦ ਰਾਜਪਾਲ (ਹਿੰਦੀ ਵਿਭਾਗ ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ) ਦੁਆਰਾ ਪ੍ਰਕਾਸ਼ਿਤ ਕਿਤਾਬ ਪੰਜਾਬ ਦੀ ਸਮਕਾਲੀਨ ਹਿੰਦੀ ਕਵਿਤਾ 2015 ਵਿੱਚ ਉਘੀਆਂ ਸਾਹਿਤਕਾਰਾਂ ਵਿੱਚ ਗਗਨਦੀਪ ਧਾਲੀਵਾਲ ਦਾ ਨਾਮ ਛਪ ਚੁੱਕਾ ਹੈ.।ਛਪਣ ਜਾ ਰਹੇ ਬਿਨਾਂ ਪੈਸਿਆਂ ਦੇ ਸਾਂਝੇ ਕਾਵਿ ਸੰਗ੍ਰਹਿ ‘ਨਵੀਆਂ ਪੈੜਾਂ’, ‘ਜਗਦੇ ਦੀਵੇ’ ਵਿੱਚ ਗਗਨਦੀਪ ਸੰਪਾਦਿਕਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ।
               ਕੋਈ ਵੀ ਕੰਮ ਨੂੰ ਸੰਪੂਰਨਤਾ ਪ੍ਰਦਾਨ ਕਰਨ ਲਈ ਸਹਿਯੋਗ ਦੀ ਲੋੜ ਹੁੰਦੀ ਹੈ।ਇਸ ਤਰ੍ਹਾਂ ਹੀ ਗਗਨਦੀਪ ਦੇ ਸਤਿਕਾਰਯੋਗ ਦਾਦੀ ਜੀ, ਮਾਤਾ ਪਿਤਾ, ਵੱਡੀ ਭੈਣ ਕਿਰਨਜੀਤ ਤੇ ਛੋਟੇ ਭਰਾ ਕਰਮਜੀਤ ਤੇ ਦੋਸਤ ਹਰਪ੍ਰੀਤ ਦਾ ਉਹਨਾ ਨੂੰ ਹਮੇਸ਼ਾਂ ਸਹਿਯੋਗ ਰਿਹਾ ਹੈ।ਨਵੀਂਆਂ ਪੈੜਾਂ ਗਗਨ ਧਾਲੀਵਾਲ ਦੀ ਦਿਨ ਰਾਤ ਦੀ ਲਗਨ ਸਦਕਾ ਇੱਕ ਸੌ ਸਾਹਿਤਕਾਰਾਂ ਦਾ ਸਾਂਝਾ ਕਾਵਿ ਸੰਗ੍ਰਹਿ ਹਫ਼ਤੇ ਵਿੱਚ ਤਿਆਰ ਹੋ ਚੁੱਕਾ ਹੈ, ਜੋ ਕਿ ਜਲਦੀ ਹੀ ਰਲੀਜ਼ ਹੋਣ ਜਾ ਰਿਹਾ ਹੈ।ਗਗਨ ਧਾਲੀਵਾਲ ਇਸ ਕਾਵਿ ਸੰਗ੍ਰਹਿ ਰਾਹੀਂ ਸਾਹਿਤ ਦੀ ਸੇਵਾ ਕਰ ਰਹੇ ਹਨ।
                    ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ ਮਹਿਲਾ ਕਾਵਿ ਕਾਵਿ ਮੰਚ ਪੰਜਾਬ ਵੱਲੋਂ ਅਤੇ ਹੋਰ ਸਾਹਿਤਕ ਪ੍ਰੋਗਰਾਮਾਂ ਵਿੱਚ ਗਗਨ ਨੂੰ ਬਹੁਤ ਮਾਣ ਮਿਲ ਚੁੱਕਾ ਹੈ।ਗਗਨਦੀਪ ਧਾਲੀਵਾਲ ਦੀ ਮਿਹਨਤ ਸਦਕਾ ਜਿਲਾ ਬਰਨਾਲਾ, ਮਾਨਸਾ, ਮੋਗਾ, ਬਠਿੰਡਾ, ਸੰਗਰੂਰ ਤੇ ਨਿਊ ਅੰਮ੍ਰਿਤਸਰ ਵਿੱਚ ਮਹਿਲਾ ਕਾਵਿ ਮੰਚ ਦੀ ਸ਼ਾਖਾ ਖੁੱਲ ਚੁੱਕੀ ਹੈ।6 ਜਿਲਿਆ ਵਿੱਚ ਸੰਸਥਾ ਗਗਨ ਧਾਲੀਵਾਲ ਦੀ ਨਿਗਰਾਨੀ ਹੇਠ ਕੰਮ ਰਹੀ ਹੈ ਜੋ ਕਿ ਨਵੇਂ ਲੇਖਕਾਂ ਨੂੰ ਸਾਹਿਤਕ ਖੇਤਰ ਵਿੱਚ ਅੱਗੇ ਲੈ ਕੇ ਆਉਣ ‘ਚ ਮੁੱਖ ਭੂਮਿਕਾ ਨਿਭਾਅ ਰਹੀ ਹੈ।ਇਸ ਸੰਸ਼ਥਾ ਦਾ ਮੁੱਖ ਉਦੇਸ਼ ਮਨ ਤੋਂ ਮੰਚ ਤੱਕ ਲੈ ਕੇ ਆਉਣਾ ਹੈ।ਉਹ ਇਨਸਾਨ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ ਜਿੰਨਾ ਨੂੰ ਕੁਦਰਤ ਨੇ ਸਾਇਰੀ ਕਰਨ ਦਾ ਬਲ ਬਖ਼ਸ਼ਿਆ ਹੈ।
             ਗਗਨ ਦੇ ਵਿਚਾਰ ਅਨੁਸਾਰ ਸ਼ਾਇਰੀ ਮਨੁੱਖ ਦੇ ਵਲਵਲਿਆਂ, ਭਾਵਨਾਵਾਂ, ਅਹਿਸਾਸਾਂ ਦਾ ਇੱਕੋ ਇੱਕ ਅਜਿਹਾ ਮਾਧਿਅਮ ਹੈ, ਜੋ ਉਸ ਨੂੰ ਮਰਨ ਤੋਂ ਬਾਅਦ ਵੀ ਅਮਰ ਰੱਖਦੀ ਹੈ।ਗਗਨਦੀਪ ਧਾਲੀਵਾਲ ਦੇ ਸ਼ੇਅਰਾਂ ਦੀ ਇੱਕ ਵੰਨਗੀ –

ਚਾਰੇ ਪਾਸੇ ਚਾਨਣ ਬਿਖੇਰ ਦੇਵੇ,
ਦੀਵੇ ਦੀ ਲੋਹ ਹੈ ਔਰਤ।
ਗਗਨ ਨਿੱਕੇ ਨਿੱਕੇ ਰਾਹਾਂ ‘ਤੇ,
ਵੱਡੀਆਂ ਵੱਡੀਆਂ ਪੈੜਾਂ ਕਰੇ,
ਧਾਲੀਵਾਲ ਹਰ ਮੁਸਾਫਿਰ ਦੀ ਮੰਜ਼ਿਲ ਹੈ ਔਰਤ।
                ਉਮੀਦ ਕਰਦੇ ਹਾਂ ਕਿ ਗਗਨਦੀਪ ਧਾਲੀਵਾਲ ਆਉਣ ਵਾਲੇ ਸਮੇਂ ਵਿੱਚ ਸਾਹਿਤਕ ਖੇਤਰ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ।12112020


ਪਰਵੀਨ ਗਰਗ
ਧੂਰੀ।
ਮੋ – 90419 18486

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …