Sunday, December 22, 2024

ਛਲਕਦੇ ਹੰਝੂਆਂ ਦਾ ਮੁੱਲ

ਅੱਲੇ ਛਿਲਕੜ ਦਰਦਾਂ ਦੇ ਤੇ ਜਾਂ ਸੱਜਣ ਭੁੱਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ।

ਜਾਂ ਦਿਲ ਦਾ ਕਰ ਸੱਜਣਾਂ ਨੇ ਮਲ਼ੀਆ ਮੇਟ ਦਿੱਤਾ।
ਜਾਂ ਦਿੱਤੇ ਹੋਏ ਜ਼ਖਮਾਂ ਨੂੰ ਅੰਦਰੇ ਲਿਪੇਟ ਦਿੱਤਾ।
ਜਾਂ ਦਿਲ ਦੀਆਂ ਸੱਧਰਾਂ ਦੇ ਪਹਿਲੇ ਬੁੱਲੇ ਹੁਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ।

ਜਾਂ ਦਿਲ ਤੋਂ ਪੁੱਟ ਦਿੱਤਾ ਕਿਸੇ ਖਰੀਂਡਾਂ ਅੱਲ੍ਹਿਆਂ ਨੂੰ।
ਜਾਂ ਬਿਪਤਾ ਘੁੱਟ ਦਿੱਤਾ ਅੰਦਰ ਤੋਂ ਕੱਲ੍ਹਿਆਂ ਨੂੰ।
ਜਾਂ ਲਹਿਰ ਖੁਆਬਾਂ ਦੇ ਅੰਦਰ ਤੋਂ ਘੁੱਲ੍ਹਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ।

ਜਾਂ ਭਰ ਕੇ ਲੱਦ ਦਿੱਤਾ ਕਿਸੇ ਪੀੜਾਂ ਦੀਆਂ ਪੰਡਾਂ ਨੂੰ।
ਜਾਂ ਲੂੰ-ਲੂੰ ਟੁੱਟ ਪਿਆ ਬਿਰਹੋਂ ਦੀਆਂ ਕੰਡਾਂ ਨੂੰ।
ਜਾਂ ਦਿੱਤੀ ਪੀੜ ਕੋਈ ਆਪਣਿਆਂ ਬਿਨਾਂ ਝੱਖੜ ਝੁੱਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ।

ਜਾਂ ਰੁੱਸ ਕੋਈ ਪੀਰ ਗਿਆ ਅੱਜ ਸੁੰਨ੍ਹਿਆਂ ਰਾਹਾਂ ‘ਚ।
ਜਾਂ ਦੁੱਖ ਦੀਆਂ ਹੱਥ ਕੜੀਆਂ ਅੱਜ ਪੈ ਗਈਆਂ ਬਾਹਾਂ ‘ਚ।
ਧੁੱਪਾਂ ਨਾਲ ਪੈਰਾਂ ‘ਚ ਐਵੇਂ ਛਾਲੇ ਖੁੱਲ੍ਹਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸਸਤੇ ਮੁੱਲਦੇ ਨਹੀਂ।

ਜਾਂ ਦਰਦ ਕੋਈ ਅੰਦਰ ਦਾ ਬੜਾ ਹੰਢਾਉਣਾਂ ਔਖਾ ਜੋ।
ਜਾਂ ਰੋਗ ਕੋਈ ਬਿਰਹੋਂ ਦਾ ਬੜਾ ਛੁਪਾਉਣਾਂ ਔਖਾ ਜੋ।
ਬਿਨਾਂ ਹੌਲ ਕਲੇਜੇ ਦੇ ਮੋਤੀ ਪੈਰੀਂ ਰੁੱਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ।

ਏਥੇ ਹੂਕ ਦੀਆਂ ਚੀਕਾਂ ਕੌਣ ਸੁਣਦਾ ਡਾਡਾਂ ਨੂੰ।
ਇਹ ਦੁਨੀਆਂ ਕੀ ਜਾਣੇ ਅੰਦਰ ਦੀਆਂ ਵਾਡ੍ਹਾਂ ਨੂੰ।
ਜਦੋਂ ਮੁੱਲ ਸੰਧੂ ਰੱਬ ਪਾਵੇ ਉਹ ਦੁਨੀਆਂ ਸੰਗ ਤੁਲਦੇ ਨਹੀਂ।
ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। 12112020

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ, ਜਿਲ੍ਹਾ ਤਰਨ ਤਾਰਨ।
ਮੋ – 9781693300

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …