ਕੰਮ ਘਰ ਦੇ ਮੁਕਾ ਕੇ,
ਪੱਕੇ ਮੋਰਚੇ `ਚ ਆ ਕੇ,
ਪੱਟੜੀ ‘ਤੇ ਲੰਗਰ ਪਕਾਉਂਦੀਆਂ ਸੁਆਣੀਆਂ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਝੰਡੇ ਚੁੱਕੇ ਹੋਏ ਨੇ ਲਾਲ,
ਕਰੀ ਜਾਂਦੀਆਂ ਕਮਾਲ,
ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ।
ਗੀਤਾਂ ਵਿੱਚ ਲਾਹਨਤਾਂ …………………
ਕਾਨੂੰਨ ਕਾਲੇ ਆ ਹਜ਼ੂਰ,
ਸਾਨੂੰ ਨਹੀਓਂ ਮਨਜ਼ੂਰ,
ਤਾਨਾਸ਼ਾਹ ਦੇ ਪੁਤਲੇ ਜਲਾਉਂਦੀਆਂ ਸੁਆਣੀਆਂ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ।
ਗੀਤਾਂ ਵਿੱਚ ਲਾਹਨਤਾਂ …………………
ਚੁੱਕੇ ਨਿੱਕੇ-ਨਿੱਕੇ ਬਾਲ਼,
ਮਨਾਂ ਵਿੱਚ ਕਈ ਸਵਾਲ,
ਕਰਨਾ ਹਿਸਾਬ ਹੁਣ ਚਾਹੁੰਦੀਆਂ ਸੁਆਣੀਆਂ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ।
ਗੀਤਾਂ ਵਿੱਚ ਲਾਹਨਤਾਂ …………………
ਦਿਲ ਛੱਡੀ ਨਾ ਕਿਸਾਨਾਂ,
ਫਤਹਿ ਕਰਨਾ ਨਿਸ਼ਾਨਾ,
`ਰੰਗੀਲਪੁਰੇ` ਹੌਂਸਲੇ ਵਧਾਉਂਦੀਆਂ ਸੁਆਣੀਆਂ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ।
ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।12112020
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855207071