ਖੇਡ ਖੇਤਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਹਨ, ਜਿੰਨ੍ਹਾਂ ਦਾ ਸਮੁੱਚਾ ਜੀਵਨ ਹੀ ਪ੍ਰਾਪਤੀਆਂ ਤੇ ਸੰਘਰਸ਼ਪੂਰਨ ਹੋਣ ਦੇ ਬਾਵਜ਼ੂਦ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਪਣੀ ਖੇਡ ਨਾਲ ਜੁੜ ਕੇ ਉਸ ਦੇ ਪ੍ਰਚਾਰ ਤੇ ਪ੍ਰਸਾਰ ‘ਚ ਆਪਣਾ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਵਿੱਚੋ ਹੀ ਇਕ ਕੌਮਾਤਰੀ ਹਾਕੀ ਖਿਡਾਰੀ ਤੇ ਰੇਲਵੇ ਵਿਭਾਗ ਦੇ ਵਿੱਚ ਡਿਪਟੀ ਸੀ.ਆਈ.ਟੀ ਦੇ ਅਹਿਮ ਅਹੁੱਦੇ ‘ਤੇ ਤੈਨਾਤ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਹੈ।ਜੋ ਕਿ ਅੱਜ ਵੀ ਕੌਮੀ ਹਾਕੀ ਖੇਡ ਖੇਤਰ ਨੂੰ ਸਮਰਪਿਤ ਹੈ।
2 ਮਈ 1979 ਨੂੰ ਉਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੰੁਦਲ ਪਾਖਰਪੁਰਾ ਤੇ ਮਾਤਾ ਬਲਵਿੰਦਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਦੱਸਵੀਂ ਤੱਕ ਦੀ ਵਿਦਿਆਂ ਜੱਦੀ ਪਿੰਡ ਪਾਖਰਪੁਰਾ ਦੇ ਸਰਕਾਰੀ ਹਾਈ ਸਕੂਲ ਤੋਂ ਹਾਸਲ ਕੀਤੀ ਤੇ ਛੇਵੀਂ ਜਮਾਤ ਤੋਂ ਹੀ ਹਾਕੀ ਖੇਡ ਖੇਤਰ ਨੂੰ ਆਪਣਾ ਕੇ ਸ਼ਿਖਰ ਸਰਗਰਮੀਆਂ ਵਾਲਾ ਮੁਕਾਮ ਹਾਸਲ ਕੀਤਾ।ਹਾਕੀ ਦਾ ਮੁੱਢ ਬੱਝਣ ਦਾ ਮੁੱਖ ਕਾਰਨ ਉਨ੍ਹਾਂ ਦੇ ਵੱਡੇ ਭਰਾ ਰਣਜੀਤ ਸਿੰਘ ਹੁੰਦਲ ਦਾ ਕੌਮੀ ਹਾਕੀ ਖਿਡਾਰੀ ਹੋਣਾ ਸੀ।6 ਭੈਣ ਭਰਾਵਾਂ ਵਿਚੋਂ ਤੀਜੇ ਨੰਬਰ ਵਾਲੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਹਾਈ ਸਕੂਲ ਦੀ ਪੜ੍ਹਾਈ ਦੌਰਾਨ ਕਈ ਇਲਾਕਾ, ਜੋਨਲ, ਬਲਾਕ, ਜਿਲ੍ਹਾ, ਸੂਬਾ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆ ਕੇ ਇਕ ਬੇਮਿਸਾਲ ਖਿਡਾਰੀ ਵਾਲਾ ਰੁਤਬਾ ਤੇ ਧਾਂਕ ਜਮਾਈ।ਆਪਣੇ ਇਸ ਖੇਡ ਜੋਸ਼ ਤੇ ਜਨੂੰਨ ਨੂੰ ਹੋਰ ਵੀ ਨਿਖਾਰਣ ਅਤੇ ਤਿੱਖਾ ਕਰਨ ਦੇ ਮੰਤਵ ਨਾਲ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਸ਼ਹਿਰ ਵੱਲ ਰੁੱਖ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਦਾਖਲਾ ਲੈ ਲਿਆ ਅਤੇ 2 ਸਾਲ ਲਗਾਤਾਰ ਜਿਲ੍ਹਾ ਪੱਧਰੀ ਟੂਰਨਾਮੈਂਟਾਂ ਅਤੇ 10,000 ਟੂਰਨਾਮੈਂਟਾਂ ਦਾ ਚੈਪੀਅਨ ਤਾਜ਼ ਆਪਣੇ ਸਿਰ ਸਜਾਇਆ।ਸੰਨ 1996 -97 ਦੇ ਡੀ.ਏ.ਵੀ ਕਾਲਜ ਦੇ ਉਚੇਰੀ ਵਿੱਦਿਆ ਸੈਸ਼ਨ ਦੋਰਾਨ ਦੇ ਇੰਟਰ-ਕਾਲਜ਼ ਤੇ ਅਲੀਗ੍ਹੜ ਯੂ.ਪੀ ਵਿਖੇ ਹੋਏ ਆਲ ਇੰਡੀਆ ਇੰਟਰਵਰਸਿਟੀ ਹਾਕੀ ਮੁਕਾਬਲਿਆਂ ਦੌਰਾਨ ਪਹਿਲੀ ਪੁਜੀਸ਼ਨ ਹਾਸਲ ਕਰਦਿਆਂ ਜਿਥੇ ਚੈਂਪੀਅਨ ਟ੍ਰਾਫੀਆਂ ‘ਤੇ ਕਬਜ਼ਾ ਜਮਾਇਆ, ਉਥੇ ਕਈ ਵੱਕਾਰੀ ਟ੍ਰਾਫੀਆਂ ਅਤੇ ਮੈਡਲ ਵੀ ਆਪਣੀ ਝੋਲੀ ਪਵਾਏ।ਦਿੱਲੀ ਵਿੱਖੇ ਹੋਏ ਕੌਮਾਤਰੀ ਪੱਧਰ ਦੇ ਕੰਬਾਇਡ ਮੁਕਾਬਲੇ ਨੇ ਉਨ੍ਹਾਂ ਕੌਮਾਤਰੀ ਹਾਕੀ ਖਿਡਾਰੀ ਵਜੋਂ ਪਹਿਚਾਣ ਦਿਵਾਈ।
ਸੰਨ 1997 ‘ਚ ਰੇਲ ਵਿਭਾਗ ਨੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੂੰ ਟੀ.ਸੀ.ਆਰ ਦੀ ਨੌਕਰੀ ਨਾਲ ਨਿਵਾਜ਼ਿਆ।ਜਿਸ ਤੋਂ ਤਰੱਕੀ ਹਾਸਲ ਕਰਦਿਆਂ ਅੱਜ ਉਹ ਡਿਪਟੀ ਸੀ.ਆਈ.ਟੀ ਰੇਲਵੇ ਹਨ।ਕਈ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਸਮੇਂ ਸਮੇਂ ‘ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਰਿਹਾ ਹੈ, ਜੋ ਅਜੇ ਵੀ ਜਾਰੀ ਹੈ।
ਪਿਤਾ ਦੀ ਸਿੱਖਿਆ ਅਤੇ ਉਨਾਂ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਉਨ੍ਹਾਂ ਦੇ ਬੇਟੇ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਵੀ ਕੌਮੀ ਖਿਡਾਰੀਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਂਦੇ ਹੋਏ ਬੈਂਗਲੋਰ ਵਿਖੇ ਚੱਲ ਰਹੇ ਸੀਨੀਅਰ ਇੰਡੀਆ ਹਾਕੀ ਕੈਂਪ ਵਿੱਚ ਜਗ੍ਹਾ ਬਣਾਈ ਹੈ।ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਅਜਕਲ ਅਮਰ ਕੋਟ-ਜੋਸ਼ੀਪੁਰਾ ਜੀ.ਟੀ ਰੋਡ ਪੁਤਲੀਘਰ ਅੰਮ੍ਰਿਤਸਰ ਵਿਖੇ ਪਤਨੀ ਰਾਣੀ ਹੁੰਦਲ, ਬੇਟੇ ਅਰਾਏਜੀਤ ਸਿੰਘ ਹੁੰਦਲ ਤੇ ਬੇਟੀ ਏਕਮਜੀਤ ਹੁੰਦਲ ਦੇ ਨਾਲ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਨਾਲ ਵੱਡੇ ਪੱਧਰ ‘ਤੇ ਹਾਕੀ ਖੇਡ ਖੇਤਰ ਨੂੰ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ।12112020
ਗੁਰਮੀਤ ਸੰਧੂ
ਅੰਮ੍ਰਿਤਸਰ।
ਮੋ – 98153 57499