ਫਾਜਿਲਕਾ, 25 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਵੱਲੋਂ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਾਰਟੀ ਦੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਦੇ ਨਾਂਅ ਇਕ ਮੰਗ ਪੱਤਰ ਏ.ਡੀ.ਸੀ. ਸ. ਚਰਨ ਦੇਵ ਸਿੰਘ ਮਾਨ ਨੂੰ ਸੌਂਪਿਆ। ਮੰਗ ਪੱਤਰ ਸੌਂਪਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੁਆਰਾ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤੇ ਜਾਣ ‘ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਸੀ ਕਿ ਚੰਡੀਗੜ੍ਹ ਤਾਂ ਉਸ ਸਮੇਂ ਪੰਜਾਬ ਲਈ ਹੀ ਬਣਿਆ ਸੀ ਅਤੇ ਇਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਉਹ ਸ੍ਰੀ ਸ਼ਰਮਾ ਦੀ ਇਸ ਮੰਗ ਦਾ ਨਿੱਘਾ ਸੁਆਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਨੇ ਰਾਜੀਵ ਲੌਂਗੋਵਾਲ ਸਮਝੌਤੇ ਦੀ ਕਦੇ ਹਮਾਇਤ ਨਹੀ ਭਰੀ ਕਿਉਂਕਿ ਸੰਤ ਲੌਂਗੋਵਾਲ ਪੰਜਾਬੀਆਂ ਦੇ ਚੁਣੇ ਹੋਏ ਨੁਮਾਇੰਦੇ ਨਹੀ ਸਨ। ਸ. ਮਾਨ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਪੰਜਾਬੀ ਬੋਲਦਿਆਂ ਇਲਾਕਿਆਂ ਬਾਰੇ ਵੀ ਸਪਸ਼ਟ ਕੀਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਚਾਹੁੰਦੀ ਹੈ ਕਿ ਹਰਿਆਣਾ ਅਤੇ ਰਾਜਸਥਾਨ ਵਿਚ ਉਸ ਦੀ ਸਰਕਾਰ ਬਣ ਗਈ ਹੈ, ਦੋਵਾਂ ਸੂਬਿਆਂ ਦੀਆਂ ਹੱਦਾਂ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਨੂੰ ਹਰਿਆਣਾ ਅਤੇ ਰਾਜਸਥਾਨ ਵਿਚ ਸ਼ਾਮਲ ਕਰਵਾਇਆ ਜਾਵੇ। ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਮੰਗ ਕਰਦਾ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਧੀਨ 1982 ਤੋਂ ਲੈ ਕੇ ਹੁਣ ਤੱਕ ਜਿਤਨੇ ਬੇਗੁਨਾਹ ਪੰਜਾਬ ਵਿਚ ਮਾਰੇ ਗਏ ਹਨ, ਉਨ੍ਹਾਂ ਨੂੰ ਰਿਆਇਤਾਂ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਪੰਜਾਬੀਆਂ ਦੀ ਫ਼ੌਜ ਵਿਚ ਭਰਤੀ 32 ਪ੍ਰਤੀਸ਼ਤ ਸੀ, ਜੋ ਕਿ ਅੱਜ 2 ਪ੍ਰਤੀਸ਼ਤ ਰਹਿ ਗਈ ਹੈ, ਇਸ ਬਾਰੇ ਵੀ ਇਸ ਸਮਝੌਤੇ ਦੀ ਮੱਦ ਇਸ ਸਬੰਧੀ ਸਪਸ਼ਟ ਕੀਤੀ ਜਾਵੇ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਵਰਨ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਜਸਵੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਉਤਾਰ ਸਿੰਘ, ਬਲਦੇਵ ਸਿੰਘ, ਡਾ. ਜੋਗਿੰਦਰ ਸਿੰਘ, ਇਕਬਾਲ ਸਿੰਘ ਗੁਰੂਹਰਸਹਾਏ, ਗੁਰਚਰਨ ਸਿੰਘ ਭੁੱਲਰ, ਪਰਮਜੀਤ ਸਿੰਘ ਅਬੋਹਰ, ਤੇਜਪਾਲ ਸਿੰਘ ਅਬੋਹਰ, ਸੂਰਤ ਸਿੰਘ ਅਬੋਹਰ, ਜਸਬੀਰ ਸਿੰਘ ਫ਼ਾਜ਼ਿਲਕਾ, ਬਲਦੇਵ ਸਿੰਘ ਡੱਬਵਾਲਾ, ਅਨੂਪ ਸਿੰਘ, ਹਾਕਮ ਸਿੰਘ ਚਿਮਨੇਵਾਲਾ, ਹਰਦੀਪ ਸਿੰਘ, ਬਲਕਾਰ ਸਿੰਘ ਭੱਟੀ, ਪਿਆਰਾ ਸਿੰਘ ਜਥੇਦਾਰ, ਸੁਖਦੇਵ ਸਿੰਘ, ਰੇਸ਼ਮ ਸਿੰਘ ਬਾਮ, ਬਲਕਾਰ ਸਿੰਘ, ਬਲੌਰ ਸਿੰਘ ਆਦਿ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …