Wednesday, July 16, 2025
Breaking News

ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

PPN25101403
ਫਾਜਿਲਕਾ, 25 ਅਕਤੂਬਰ (ਵਿਨੀਤ ਅਰੋੜਾ) –  ਦੀਵਾਲੀ ਅਤੇ ਬੰਦੀ ਛੋੜ ਦਿਵਸ ਫ਼ਾਜ਼ਿਲਕਾ ਇਲਾਕੇ ਅੰਦਰ ਬੜੇ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰ ਤੋਂ ਹੀ ਬਾਜ਼ਾਰਾਂ ਵਿਚ ਰੌਣਕਾਂ ਲੱਗ ਗਈਆਂ। ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੇ ਮਠਿਆਈਆਂ, ਸੁੱਕੇ ਮੇਵੇ, ਆਤਿਸ਼ਬਾਜ਼ੀ ਅਤੇ ਦੀਵਿਆਂ ਆਦਿ ਦੀ ਭਾਰੀ ਖ਼ਰੀਦੋ ਫ਼ਰੋਖ਼ਤ ਕੀਤੀ। ਸ਼ਹਿਰ ਦੇ ਬਾਜ਼ਾਰਾਂ ਵਿਚ ਲੋਕਾਂ ਦੀ ਭਾਰੀ ਭੀੜ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਭਾਈ ਕੁਲਬੀਰ ਸਿੰਘ ਕੰਵਲ ਅਤੇ ਭਾਈ ਰਾਜਵਿੰਦਰ ਸਿੰਘ ਦੇ ਜਥਿਆਂ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦਿਆਂ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਗੁਰਦੁਆਰਾ ਬਾਬਾ ਨਾਮਦੇਵ ਵਿਖੇ ਸਮੂਹ ਸੰਗਤਾਂ ਵੱਲੋਂ ਬੰਦੀ ਛੋੜ ਦਿਵਸ ਪੂਰੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਮਾਸਟਰ ਕੁਲਵੰਤ ਸਿੰਘ, ਬਰਜਿੰਦਰ ਸਿੰਘ, ਸਤਪਾਲ ਸਿੰਘ, ਅਜੀਤ ਸਾਗਰ, ਮੋਹਨ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਗੁਰਦੁਆਰਾ ਬਾਬਾ ਭਗਵਾਨ ਸਿੰਘ ਪ੍ਰੇਮ ਗਲੀ ਵਿਖੇ ਭਾਈ ਹਰਮਿੰਦਰ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਸ਼ੇਰਾ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਗੁਰਦੁਆਰਾ ਸ੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਬਸਤੀ ਹਜ਼ੂਰ ਸਿੰਘ ਵਿਖੇ ਬਾਬਾ ਚੰਨ ਸਿੰਘ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦਿਆਂ ਛੇਵੇਂ ਪਾਤਸ਼ਾਹ ਦੀ ਕੈਦ ਅਤੇ ਉਨ੍ਹਾਂ ਦੀ ਰਿਹਾਈ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਵੱਖ-ਵੱਖ ਪਿੰਡਾਂ ਵਿਚ ਵੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਰਾਤ ਨੂੰ ਲੋਕਾਂ ਨੇ ਸਮਾਜਿਕ ਸੰਸਥਾਵਾਂ ਦੀਆਂ ਅਪੀਲਾਂ ਦੇ ਬਾਵਜੂਦ ਵੀ ਜ਼ੋਰਦਾਰ ਤਰੀਕੇ ਨਾਲ ਆਤਿਸ਼ਬਾਜ਼ੀ ਕਰਕੇ ਵਾਤਾਵਰਨ ਨੂੰ ਗੰਦਲਾਂ ਕੀਤਾ।
ਫ਼ਾਜ਼ਿਲਕਾ ਅਬੋਹਰ ਮਾਰਗ ‘ਤੇ ਸਥਿਤ ਗਾਡਵਿਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੱਲੂ ਦੇ ਐਮ.ਡੀ. ਸ. ਜਗਜੀਤ ਸਿੰਘ ਬਰਾੜ ਦੀ ਪ੍ਰੇਰਨਾ ਸਦਕਾ ਅਤੇ ਪ੍ਰਿੰਸੀਪਲ ਸ੍ਰੀਮਤੀ ਲਖਵਿੰਦਰ ਕੌਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਦਿਆਰਥੀਆਂ ਨੇ ਆਪਣੀ ਜੇਬ ਖਰਚੇ ਵਿਚੋਂ ਪੈਸੇ ਜਮਾਂ ਕਰ ਕੇ ਸਥਾਨਕ ਮਾਨਵ ਕਲਿਆਣ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ। ਉਨ੍ਹਾਂ ਨੂੰ ਮਠਿਆਈਆਂ ਭੇਂਟ ਕਰਦੇ ਹੋਏ ਉਨ੍ਹਾਂ ਨੂੰ ਸਾਫ ਪੀਣ ਯੋਗ ਪਾਣੀ ਲਈ ਆਰ.ਓ. ਸਿਸਟਮ ਭੇਂਟ ਕੀਤਾ।ਇਸ ਮੌਕੇ ਸਕੂਲ ਅਧਿਆਪਕ ਅਸ਼ੋਕ ਕੰਬੋਜ, ਨਿਖਿਲ ਕਟਾਰੀਆ, ਰਾਜ ਕੁਮਾਰ, ਪ੍ਰਿਥਵੀ ਰਾਜ ਤੋਂ ਇਲਾਵਾ ਅਮਨਦੀਪ, ਅੰਕਿਤ, ਪ੍ਰਭਜੋਤ, ਕੋਮਲ, ਜਸ਼ਨਦੀਪ ਸਿੰਘ, ਪਾਰਸ ਆਦਿ ਮੌਜੂਦ ਸਨ।
ਐੱਸ. ਡੀ. ਕਾਲਜ ਫ਼ਾਰ ਵੁਮੈਨ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਹਰਿਆਣਾ, ਰਾਜਸਥਾਨ ਅਤੇ ਪੰਜਾਬ ਸੂਬਿਆਂ ਦੇ ਰੰਗ ਬਿਖੇਰਦੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਐਸ.ਡੀ. ਸਕੂਲ ਦੇ ਪ੍ਰਿੰਸੀਪਲ ਸ੍ਰੀ ਦਿਨੇਸ਼ ਸ਼ਰਮਾ, ਕੋਆਰਡੀਨੇਟਰ ਰਵੀ ਕੁਮਾਰ ਡੋਡਾ, ਅਲਕਾ ਠਕਰਾਲ, ਅਲਕਾ ਜੁਨੇਜਾ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕਵਿਤਾ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply