ਮੁੱਖ ਮੰਤਰੀ ਪੰਜਾਬ ਕੈਪਟਨ ਨੇ ਰੱਖਿਆ ਨੀਂਹ ਪੱਥਰ, ਪੰਜਾਬ ਸਰਕਾਰ ਵਲੋਂ ਡਾ. ਓਬਰਾਏ ਦਾ ਸਨਮਾਨ
ਅੰਮ੍ਰਿਤਸਰ, 2 ਦਸੰਬਰ (ਜਗਦੀਪ ਸਿੰਘ) – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਘੇ ਸਮਾਜ ਸੇਵਕ ਤੇ ਲੋਕ ਦਰਦੀ ਡਾ. ਐਸ.ਪੀ ਸਿੰਘ ਉਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ `ਚ ਉਸਾਰੇ ਜਾਣ ਵਾਲੇ 52 ਫ਼ੁੱਟ ਉੱਚੇ ਮਿਊਜ਼ੀਅਮ ਤੇ ਘੰਟਾ ਘਰ ਦਾ ਨੀਂਹ ਪੱਥਰ ਰੱਖਿਆ ਗਿਆ।
ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਹਿਯੋਗ ਸਦਕਾ ਟਰੱਸਟ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਉਸਾਰੇ ਜਾਣ ਵਾਲੇ ਅਜਾਇਬਘਰ ਉੱਤੇ ਖੰਡੇ ਦੇ ਰੂਪ `ਚ ਇੱਕ ਵਿਸ਼ਾਲ ਘੰਟਾ ਘਰ ਵੀ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਘੰਟਾ ਘਰ ਦੀ ਉੱਚਾਈ 37.5 ਫੁੱਟ ਹੋਵੇਗੀ ਜਦ ਕਿ ਮਿਊਜ਼ੀਅਮ ਸਮੇਤ ਪੂਰੀ ਇਮਾਰਤ ਦੀ ਉਚਾਈ 52 ਫੁੱਟ ਹੋਵੇਗੀ।ਉਨ੍ਹਾਂ ਦੱਸਿਆ ਕਿ ਘੰਟਾ ਘਰ ਦੇ ਚਾਰੇ ਪਾਸੇ ਵੱਡੀਆਂ ਘੜੀਆਂ ਲਾਈਆਂ ਜਾਣਗੀਆਂ ਅਤੇ ਇਸ ਸਮੁੱਚੇ ਸਮਾਰਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ 80 ਲੱਖ ਤੋਂ ਵਧੇਰੇ ਖਰਚ ਆਵੇਗਾ।ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਕਲਾਨੌਰ ਵਿਖੇ ਸਮਾਰਕ ਬਣਾਉਣ ਵਾਲੀ ਜਗ੍ਹਾ ਦੀ ਚੋਣ ਕਰ ਲਈ ਗਈ ਹੈ ਅਤੇ ਬਹੁਤ ਹੀ ਜਲਦ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਡਾ.ਐਸ.ਪੀ. ਸਿੰਘ ਉਬਰਾਏ ਨੂੰ ਉਨ੍ਹਾਂ ਵੱਲੋਂ ਹਰੇਕ ਖੇਤਰ ਅੰਦਰ ਕੀਤੇ ਜਾ ਰਹੇ ਮਿਸਾਲੀ ਸੇਵਾ ਕਾਰਜ਼ਾਂਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸੇਵਾ ਭਾਵਨਾ ਤੇ ਫਰਾਖ਼ਦਿਲੀ ਦੀ ਭਰਪੂਰ ਸ਼ਲਾਘਾ ਵੀ ਕੀਤੀ।
ਇਸ ਦੌਰਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮਹਾਰਾਣੀ ਪ੍ਰਨੀਤ ਕੌਰ ਸਮੇਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਮੌਜੂਦ ਸਨ।