Monday, July 14, 2025
Breaking News

ਸਿੱਖਿਆ ਬੋਰਡ ਵਲੋਂ ਦਸਵੀਂ ਤੇ ਬਾਰਵੀਂ ਦੀਆਂ ਵਸੂਲੀਆਂ ਜਾ ਰਹੀਆਂ ਫੀਸਾਂ ਮੁਆਫ਼ ਕੀਤੀਆਂ ਜਾਣ – ਡੀ.ਟੀ.ਐਫ

ਸਮਰਾਲਾ, 4 ਦਸੰਬਰ (ਇੰਦਰਜੀਤ ਕੰਗ) – ਡੀ.ਟੀ.ਐਫ ਲੁਧਿਆਣਾ ਦੀ ਬਲਾਕ ਇਕਾਈ ਸਮਰਾਲਾ ਵਲੋਂ ਦਸਵੀਂ ਅਤੇ ਬਾਰਵੀਂ ਜਮਾਤਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਸੂਲੀਆਂ ਜਾ ਰਹੀਆਂ ਫੀਸਾਂ ਕਰੋਨਾ ਸੰਕਟ ਦੇ ਮੱਦੇਨਜ਼ਰ ਮੁਆਫ਼ ਕਰਨ ਦੀ ਮੰਗ ਕੀਤੀ ਹੈ।ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਐਸ.ਡੀ.ਐਮ ਸਮਰਾਲਾ ਮੈਡਮ ਗੀਤਿਕਾ ਸਿੰਘ ਦੇ ਰਾਹੀਂ ਭੇਜਿਆ ਗਿਆ।ਡੀ.ਟੀ.ਐਫ ਆਗੂਆਂ ਰੁਪਿੰਦਰਪਾਲ ਗਿੱਲ ਅਤੇ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੌਰਾਨ ਲੰਬੇ ਸਮੇਂ ਲਈ ਲਗਾਏ ਗਏ ਲਾਕਡਾਊਨ ਕਾਰਨ ਪੰਜਾਬ ਦੇ ਲੋਕਾਂ ਦਾ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਹੋਇਆ ਹੈ।ਪਰ ਫਿਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਵਿੱਦਿਅਕ ਸੈਸ਼ਨ 2019-20 ਦੌਰਾਨ ਕੋਵਿਡ-19 ਲਾਗ ਦੇ ਹਵਾਲੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜ਼ਿਆਦਾਤਰ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆਵਾਂ ਰੱਦ ਹੋ ਗਈਆਂ ਅਤੇ ਪੇਪਰ ਚੈਕਿੰਗ ਵੀ ਨਹੀਂ ਹੋਈ, ਜਿਸ ਕਾਰਨ ਬੋਰਡ ਨੂੰ ਵੱਡੀ ਮਾਤਰਾ ‘ਚ ਉੱਤਰ ਪੱਤਰੀਆਂ ਤੇ ਟਰਾਂਸਪੋਰਟ ਦੇ ਖਰਚੇ ਸਮੇਤ ਹੋਰ ਸਮੱਗਰੀ ਦੀ ਬੱਚਤ ਹੋਈ ਹੈ।ਇਸ ਤੋਂ ਇਲਾਵਾ ਪੇਪਰ ਚੈਕਿੰਗ ਅਤੇ ਡਿਊਟੀ ਦੀ ਅਦਾਇਗੀ ਅਤੇ ਸਰਟੀਫਿਕੇਟਾਂ ਦੀ ਛਪਾਈ ਵੀ ਨਹੀਂ ਹੋਈ।ਬੋਰਡ ਦਫਤਰ ਦੀਆਂ ਵੱਡੀ ਗਿਣਤੀ ਅਸਾਮੀਆਂ ਖਤਮ ਕਰਕੇ ਪਿਛਲੇ ਕਈ ਸਾਲਾਂ ਤੋਂ ਜ਼ਿਆਦਾਤਰ ਕੰਮ ਦਾ ਭਾਰ ਸਕੂਲੀ ਅਧਿਆਪਕਾਂ ’ਤੇ ਸੁੱਟਣ ਅਤੇ ਪ੍ਰੀਖਿਆ ਨਿਗਰਾਨ ਆਦਿ ਦੀ ਡਿਊਟੀ ਬਦਲੇ ਕੋਈ ਅਦਾਇਗੀ ਨਾ ਹੋਣ ਕਰਕੇ ਖਰਚਾ ਸੀਮਤ ਕਰ ਦਿੱਤਾ ਗਿਆ ਹੈ।ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2020-21 ਲਈ ਲਾਗੂ ਕੀਤੀਆਂ ਭਾਰੀ ਫੀਸਾਂ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇ ਅਤੇ ਲਈਆਂ ਫੀਸਾਂ ਰਿਫੰਡ ਕੀਤੀਆਂ ਜਾਣ।
                ਮੰਗ ਪੱਤਰ ਦੇਣ ਮੌਕੇ ਮਾ. ਤਰਲੋਚਨ ਸਿੰਘ ਸਮਰਾਲਾ, ਤਲਵਿੰਦਰ ਸਿੰਘ, ਗੁਰਜਿੰਦਰ ਸਿੰਘ, ਪ੍ਰਲਾਦ ਸਿੰਘ ਅਤੇ ਮਨਜਿੰਦਰ ਸਿੰਘ ਨੇ ਪਿਛਲੇ ਪੰਜ ਸਾਲਾਂ ਦੌਰਾਨ ਹੋਈ ਆਮਦਨ, ਖਰਚੇ ਅਤੇ ਪੰਜਾਬ ਸਰਕਾਰ ਵੱਲ ਬਕਾਇਆ/ਪ੍ਰਾਪਤ ਗਰਾਂਟ ਦਾ ਹਿਸਾਬ ਵਾਈਟ ਪੇਪਰ ਦੇ ਰੂਪ ਵਿੱਚ ਜਨਤਕ ਕਰਨ ਅਤੇ ਬਕਾਇਆ ਗਰਾਂਟਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …