ਧੂਰੀ, 21 ਫਰਵਰੀ (ਪ੍ਰਵੀਨ ਗਰਗ) – ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਚਾਚਾ ਭਗਵਾਨ ਦਾਸ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਨਾਲ ਲੋਕਾਂ ਵਿੱਚ ਇੱਕ ਵੱਡੀ ਚਰਚਾ ਛਿੜ ਗਈ ਹੈ।ਪੰਚਾਇਤ ਵਿਭਾਗ ‘ਚੋਂ ਰਿਟਾਇਰਡ ਅਡੀਸ਼ਨਲ ਡਾਇਰੈਕਟਰ ਜੇ.ਪੀ ਸਿੰਗਲਾ ਨੇ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਕਾਂਗਰਸ ਅਤੇ ਲੰਘੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜ਼ਕਾਲ ਦੌਰਾਨ ਉਚ ਅਹੁਦਿਆਂ ‘ਤੇ ਕੀਤੀ ਨੌਕਰੀ ਦਾ ਜ਼ਿਕਰ ਕਰਦਿਆਂ ਬੇਰੁਜਗਾਰੀ ਅਤੇ ਗਰੀਬੀ ਹਟਾਓ ਦੇ ਨਾਅਰਿਆਂ ਨੂੰ ਸਰਕਾਰਾਂ ਵੱਲੋਂ ਜਨਤਾ ਨਾਲ ਕੀਤੇ ਜਾ ਰਹੇ ਫਰੇਬ ਦੀ ਗੱਲ ਕਬੂਲੀ, ਉਥੇ ਹੀ ਉਹਨਾਂ ਕਿਹਾ ਕਿ ਸਮੇਂ-ਸਮੇਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਲੋਕ ਭਲਾਈ ਸਕੀਮਾਂ ਦੇ ਨਾਮ ਬਦਲ ਕੇ ਲੋਕਾਂ ਨੂੰ ਭਰਮਾਉਣਾ ਜਾਰੀ ਰੱਖਦਿਆਂ ਲੋਕਾਂ ਨੂੰ ਕੇਵਲ ਸਬਜ਼ਬਾਗ ਹੀ ਦਿਖਾਏ।ਆਪਣੇ ਸਮੇਤ ਪੰਜਾਬ ਦੇ ਕਈ ਉੱਚ ਅਧਿਕਾਰੀਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਚਾਚਾ ਭਗਵਾਨ ਦਾਸ ਰਿਟਾ. ਜ਼ਿਲਾ ਮੰਡੀ ਅਫਸਰ, ਬਿਜ਼ਲੀ ਬੋਰਡ ਦੇ ਰਿਟਾ. ਚੀਫ ਇੰਜੀਨੀਅਰ ਨਵਦੀਪ ਗਰਗ, ਸੇਵਾਮੁਕਤ ਡਿਪਟੀ ਡਾਇਰੈਕਟਰ ਸਪੋਰਟਸ ਅਥਾਰਟੀ ਆਫ ਇੰਡੀਆ ਮੰਗਤ ਗੋਇਲ, ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਸ਼੍ਰੀਮਤੀ ਸੁਸ਼ਮਾ ਚੋਪੜਾ, ਐਡਵੋਕੇਟ ਵਰਿੰਦਰ ਜ਼ਿੰਦਲ ਅਤੇ ਰਿਟਾ. ਪੰਚਾਇਤ ਅਫਸਰ ਜਗਤਾਰ ਸਿੰਘ ਆਦਿ ਦਾ ਆਪ ਵਿੱਚ ਸ਼ਾਮਿਲ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਸੂਬੇ ਦੇ ਲੋਕ ਕੇਜਰੀਵਾਲ ਦੀ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਏ ਹਨ।
ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਆਲ ਇੰਡੀਆ ਐਫ.ਸੀ.ਆਈ ਐਗਜੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਧੂਰੀ ਵਿਖੇ 2 ਅਤੇ ਸੂਬੇ ਵਿੱਚ 65 ਸੀਟਾਂ ਜਿੱਤ ਕੇ ਵਿਰੋਧੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਅਤੇ ਜੇਕਰ ਕਾਂਗਰਸ ਸਰਕਾਰ ਇਹਨਾਂ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਾ ਕਰਦੀ ਤਾਂ ਆਮ ਆਦਮੀ ਪਾਰਟੀ ਇਸ ਤੋਂ ਕਈ ਗੁਣਾ ਵੱਧ ਸੀਟਾਂ ਜਿੱਤਣ ਦੀ ਸਮਰੱਥਾ ਰੱਖਦੀ ਸੀ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਕਾਂਗਰਸ ਅਤੇ ਅਕਾਲੀ ਦਲ ਦੇ ਕੁੱਝ ਹੋਰ ਵੱਡੇ ਚਿਹਰੇ ਉਹਨਾਂ ਦੇ ਸੰਪਰਕ ਵਿੱਚ ਹਨ ਅਤੇ ਲੋਕਾਂ ਦੇ ਦਿਨੋਂ-ਦਿਨ ਆਪ ਪ੍ਰਤੀ ਵਧ ਰਹੇ ਰੁਝਾਨ ਕਾਰਨ 2022 ਵਿੱਚ ਪੰਜਾਬ ਵਿੱਚ ਆਪ ਦੀ ਸਰਕਾਰ ਬਣਨਾ ਤੈਅ ਹੈ।
ਇਸ ਮੌਕੇ ਅਨਿਲ ਮਿੱਤਲ, ਨਰੇਸ਼ ਸਿੰਗਲਾ, ਹੈਪੀ ਅਤੇ ਰਾਜਿੰਦਰ ਕੁਮਾਰ ਬਿੱਲਾ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …