ਪੰਜਾਬੀ ਬੰਦੇ ਵਿੱਚੋਂ ਨਾ ਕਦੀ ਪੰਜਾਬੀ ਨਿਕਲ ਸਕਦੀ ਹੈ ਨਾ ਹੀ ਪੰਜਾਬ।ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੀ ਕਿਉਂ ਨਾ ਵਸਦਾ ਹੋਵੇ।ਮਨਪ੍ਰੀਤ ਸਿੰਘ ਉਰਫ ਮੰਨਾ ਫਗਵਾੜਾ ਵੀ ਇਸੇ ਤੱਥ ਨੂੰ ਸੱਚ ਕਰਦਾ ਕਲਾਕਾਰ ਹੈ।ਮੰਨਾ ਫਗਵਾੜਾ ਨੂੰ ਪੰਜਾਬ ਵਿਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ।ਫਿਰ ਵੀ ਉਸ ਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ ਕਦੀ ਭੰਗ ਨਹੀਂ ਹੋਇਆ।ਉਥੇ ਰਹਿ ਕੇ ਵੀ ਉਸ ਨੇ ਆਪਣੀ ਪੰਜਾਬੀ ਵਿਰਸੇ ਪ੍ਰਤੀ ਸ਼ਮੂਲੀਅਤ ਜਾਰੀ ਰੱਖੀ ਹੈ।ਭਾਵੇਂ ਉਹ ਖੇਡਾਂ ਕਰਾ ਕੇ ਹੋਵੇ ਜਾਂ ਸਭਿਆਚਾਰਿਕ ਮੇਲੇ ਕਰਵਾ ਕੇ।ਮੰਨਾ ਫਗਵਾੜਾ ਨੇ ਹਮੇਸ਼ਾਂ ਇਟਲੀ ਵਿੱਚ ਪੰਜਾਬੀ ਵਿਰਸੇ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿੱਚ ਯੋਗਦਾਨ ਪਾਇਆ ਹੈ।
ਕੁੱਝ ਮਹੀਨੇ ਪਹਿਲਾਂ ਭਾਰਤ ਦੇਸ਼ ਵਿੱਚ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ।ਜਿਸ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ।ਮੰਨਾ ਫਗਵਾੜਾ ਨੇ ਭਾਰਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜ਼ੂਦ ਇਸ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਇਆ ਹੈ ਆਪਣਾ ਗੀਤ “ਅੱਕੇ ਹੋਏ ਜੱਟ” ਕੱਢ ਕੇ ਇਸ ਗੀਤ ਵਿੱਚ ਸਿੱਧੀ ਸਰਕਾਰ ਨੂੰ ਵੰਗਾਰ ਹੈ ਕਿ ਦਿੱਲੀ ਦੀ ਹਰ ਸਰਕਾਰ ਨੇ ਮਜ਼ਲੂਮਾਂ ਉਤੇ ਕਹਿਰ ਹੀ ਢਾਇਆ ਹੈ ਅਤੇ ਇੱਕ ਵਾਰ ਫੇਰ ਉਸ ਦਾ ਮੁਕਾਬਲਾ ਬਹਾਦਰ ਯੋਧਿਆਂ ਨਾਲ ਹੈ। ਭਾਰਤੀ ਕਿਸਾਨ ਆਪਣਾ ਹੱਕ ਮੰਗ ਰਹੇ ਹਨ, ਪਰ ਸਰਕਾਰ ਉਹਨਾ ‘ਤੇ ਜ਼ੁਲਮ ਢਾਅ ਰਹੀ ਹੈ।ਜਿਸ ਨੂੰ ਨੱਥ ਪਾਉਣ ਲਈ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਇਕਜੁੱਟ ਹੋਏ ਹਨ ਅਤੇ ਹਰ ਖੇਤਰ ਦੇ ਲੋਕ ਇਸ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਹਨ।
ਮੰਨਾ ਫਗਵਾੜਾ ਨੇ ਆਪਣੇ ਇਸ ਗੀਤ “ਅੱਕੇ ਹੋਏ ਜੱਟ” ਨਾਲ ਆਪਣੀ ਹਾਜ਼ਰੀ ਦਰਜ਼ ਕਰਾਈ ਹੈ।ਉਸ ਦੇ ਇਸ ਜੋਸ਼ੀਲੇ ਗੀਤ ਨੂੰ ਚਰਚਿਤ ਗੀਤਕਾਰ ਲਵਲੀ ਨੂਰ ਨੇ ਲਿਖਿਆ ਹੈ।ਗੀਤ ਵਿੱਚ ਕਿਸਾਨੀ ਅੰਦੋਲਨ ਨਾਲ ਜੁੜੀਆਂ ਕੁੱਝ ਚਰਚਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕੰਗਨਾ ਰਣੌਤ ਨੂੰ ਵਕਤ ਆਉਣ ‘ਤੇ ਭਾਜੀ ਮੋੜੀ ਜਾਣੀ ਹੈ।ਅੰਦੋਲਨ ਦੌਰਾਨ ਕਿਸਾਨਾਂ ਦੀਆਂ ਤਿਆਰੀਆਂ ਅਤੇ ਸਰਕਾਰਾਂ ਦੇ ਫੈਸਲੇ ਦੀ ਉਡੀਕ।ਮੰਨਾ ਫਗਵਾੜਾ ਦੇ ਇਸ ਤੋਂ ਪਹਿਲਾਂ ਵੀ ਜੋ ਗੀਤ ਆਏ ਹਨ ਉਹ ਸਾਫ ਸੁਥਰੇ, ਯਾਰੀ ਦੋਸਤੀ ਅਤੇ ਸੱਭਿਆਚਾਰ ਨੂੰ ਪ੍ਰਭਾਸ਼ਿਤ ਕਰਦੇ ਹਨ।
ਜਿਊਂਦੇ ਰਹਿਣ, ਇਹੋ ਜਿਹੇ ਪੰਜਾਬੀ ਜੋ ਵਿਦੇਸ਼ਾਂ ਵਿੱਚ ਵੀ ਰਹਿ ਕੇ ਪੰਜਾਬੀਅਤ ਨਹੀਂ ਭੁੱਲੇ ਅਤੇ ਦੇਸ਼ ਦਾ ਨਾਂ ਉਚਾ ਕਰਦੇ ਹਨ।28032021
ਹਰਜਿੰਦਰ ਸਿੰਘ ਜਵੰਦਾ
ਮੋ – 9463828000