ਕਹਿੰਦੇ ਝੂਠ, ਝੂਠ ਹੀ ਰਹਿੰਦਾ ਚਾਹੇ ਉਸ ਨੂੰ ਸਾਰੇ ਕਹਿਣ ਪਰ ਸੱਚ ਸੱਚ ਹੀ ਹੁੰਦਾ ਭਾਵੇਂ ਉਸ ਨੂੰ ਕੋਈ ਨਾ ਕਹੇ।ਸੱਚੀ ਗੱਲ ਇਹ ਹੈ ਕਿ ਅੱਜ ਸਾਰੇ ਦੇਸ਼ ਦੇ ਲੋਕ ਕਿਸਾਨਾਂ ਦੇ ਨਾਲ ਆਣ ਖੜੇ ਹੋਏ ਹਨ।ਹੁਣ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਕਿ ਕਿਸਾਨਾਂ ਦੇ ਵਿਰੋਧ ਕਰਨ ਦੀ ਅਸਲੀ ਵਜ੍ਹਾ ਅਖੀਰ ਹੈ ਕੀ ! ਭੁੱਖ ਲੱਗਣ ਤੇ ਬੰਦਾ ਰੋਟੀ ਹੀ ਖਾਏਗਾ, ਉਹ ਵੀ ਜੋ ਕਿਸਾਨ ਉਗਾਏਗਾ, ਨੋਟ ਉਬਾਲ ਕੇ ਨਹੀਂ ਖਾਦੇ ਜਾ ਸਕਦੇ।ਇਸੇ ਵਜ੍ਹਾ ਕਾਰਣ ਹਰ ਖੇਤਰ ਦੇ ਲੋਕ ਦਿਨੋ ਦਿਨੀਂ ਕਿਸਾਨੀ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਹਨ।ਕਿਸਾਨੀ ਧਰਨੇ ਦੀਆਂ ਮੁੱਖ ਥਾਵਾਂ ਟਿਕਰੀ ਬਾਰਡਰ, ਸਿੰਘੁ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਹਨ।ਉਥੇ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਹੈ।ਜਿਸ ਕਰਕੇ ਉਹ ਥਾਵਾਂ ਹੁਣ ‘ਕਿਸਾਨਪੁਰ’ ਜਾਪਣ ਲੱਗ ਗਈਆਂ ਹਨ।ਹਰ ਪਿੰਡ ਚੋਂ ਟਰਾਲੀਆਂ ਭਰ ਭਰ ਕੇ ਕਿਸਾਨੀ ਅੰਦੋਲਨ ਵੱਲ ਜਾ ਰਹੀਆਂ ਹਨ।ਪਰ ਕੁੱਝ ਲੋਕ ਧਰਨੇ ‘ਤੇ ਆਪਣੀ ਹਾਜ਼ਰੀ ਨਹੀਂ ਲਗਵਾ ਪਾ ਰਹੇ।ਹੁਣ ਉਹ ਲੋਕ ਆਪਣੇ ਪਿੰਡ ਰਹਿ ਹੀ ਲੋਕਾਂ ਨੂੰ ਅੰਦੋਲਨ ਬਾਰੇ ਜਾਗਰੂਕ ਕਰਨ ਲੱਗੇ ਹਨ।
ਉਪਰ ਦੱਸੇ ਸਾਰੇ ਵਰਤਾਰੇ ਨੂੰ ਗੀਤ ਦੇ ਰੂਪ ਵਿੱਚ ਹਰਜਿੰਦਰ ਜੋਹਲ ਨੇ ਬੰਦ ਕੀਤਾ ਹੈ।‘ਕਿਸਾਨਪੁਰ’ ਨਾਮ ਤੋਂ ਇੱਕ ਗੀਤ ਰਲੀਜ਼ ਹੋਇਆ ਹੈ, ਜਿਸ ਨੂੰ ਹਸਰਤ ਨੇ ਗਾਇਆ ਹੈ ਅਤੇ ਮਨੀ ਮਨਜੋਤ ਨੇ ਲਿਖਿਆ ਹੈ।ਗੀਤ ਦੀ ਵੀਡੀਓ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਮੌਜ਼ੂਦਾ ਹਾਲਾਤਾਂ ਨੂੰ ਬਖੂਬੀ ਬਿਆਨ ਕਰਦੀ ਹੈ।ਗੀਤ ਵਿੱਚ ਪੰਜਾਬੀ ਕਲਾਕਾਰ ਰਵਿੰਦਰ ਮੰਡ ਦੀ ਸ਼ਮੂਲੀਅਤ ਹੈ।ਗੀਤ ਵਿੱਚ ਦਿਖਾਇਆ ਹੈ ਕਿ ਕਿਸ ਤਰਾਂ ਲੋਕ ਜਾਗਰੂਕ ਹੋ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਨੂੰ ਤਿਆਰ ਹਨ।ਗੀਤ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਜੋ ਅਸਲ ਹਾਲਾਤ ਹਨ ਜਿਵੇਂ ਕਿ ਹਰ ਕਿਤੇ ਦਾ ਬੰਦਾ ਇਸ ਅੰਦੋਲਨ ਵਿੱਚ ਹਿੱੱਸਾ ਬਣਨ ਨੂੰ ਤਿਆਰ ਹੈ, ਨੂੰ ਗੀਤ ਵਿੱਚ ਮਿਸਾਲ ਦੇ ਤੌਰ ‘ਤੇ ਸ਼ਾਮਿਲ ਕੀਤਾ ਗਿਆ ਹੈ। ਗੀਤ ਤੋਂ ਜ਼ਾਹਿਰ ਹੁੰਦਾ ਹੈ ਕਿ ਅਪੰਗਤਾ ਤੁਹਾਡੇ ਰਾਹ ਵਿੱਚ ਕਦੀ ਰੋੜਾ ਨਹੀਂ ਬਣ ਸਕਦੀ।ਬੈਸਾਖੀਆਂ ਦੇ ਸਹਾਰੇ ਚੱਲਣ ਵਾਲਾ ਬੰਦਾ ਵੀ ਕਿਸਾਨੀ ਅੰਦੋਲਨ ਵਿੱਚ ਸ਼ਿਰਕਤ ਕਰਨ ਨੂੰ ਤੜਫ ਰਿਹਾ ਹੈ।
ਹੁਣ ਗੱਲ ਕਿਸੇ ਧਰਮ ਜਾਤ ਪਾਤ ਦੀ ਨਹੀਂ ਰਹੀ ਗੱਲ ਰੋਟੀ ਦੀ ਰਹਿ ਗਈ ਹੈ। ਜੇ ਅੰਨ ਉਗਾਜ਼ੁਣ ਵਾਲਾ ਹੀ ਨਹੀਂ ਰਹੇਗਾ ਤਾਂ ਰੋਟੀ ਕਿਥੋਂ ਪੱਕੂਗੀ? ਆਉਣ ਵਾਲੀਆਂ ਨਸਲਾਂ ਜਦ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਹੋਂਸਲਾ ਦੇਖਣਗੀਆਂ ਤਾਂ ਉਹ ਜ਼ਰੂਰ ਆਪਣੇ ਆਪ ਤੇ ਮਾਣ ਕਰਨਗੀਆਂ ਕਿ ਉਨਾਂ ਦੇ ਪੁਰਖਿਆਂ ਨੇ ਕਿਸ ਤਰਾਂ ਪਹਿਲਾ ਦੇਸ਼ ਨੂੰ ਆਜ਼ਾਦੀ ਦਿਵਾਈ ਫੇਰ ਕਿਸ ਤਰਾਂ ਆਪਣੀ ਹੋਂਦ ਬਚਾਉਂਦੇ ਹੋਏ ਰੋਟੀ ਲਈ ਸੰਘਰਸ਼ ਲੜਿਆ। 28032021
ਹਰਜਿੰਦਰ ਸਿੰਘ ਜਵੰਦਾ
ਮੋ – 94638 28000