Friday, November 22, 2024

ਕਪੂਰਥਲਾ ਦੇ 23 ਪਿੰਡਾਂ ‘ਚ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੋਵੇਗਾ ਮੁਕੰਮਲ – ਰਾਣਾ ਗੁਰਜੀਤ

ਕਪੂਰਥਲਾ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਪੂਰਥਲਾ ਹਲਕੇ ਅੰਦਰ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ 23 ਪਿੰਡਾਂ ਅੰਦਰ ‘ਛੱਪੜਾਂ ਦੇ ਨਵੀਨੀਕਰਨ’ ਦੀ ਯੋਜਨਾ ਨੂੰ ਮਾਨਸੂਨ ਸੀਜ਼ਨ ਤੱਕ ਮੁਕੰਮਲ ਕਰ ਲਿਆ ਜਾਵੇਗਾ।ਉਨ੍ਹਾਂ ਹਲਕੇ ਦੇ ਪਿੰਡਾਂ ਧੰਮ, ਲੱਖਣ ਖੁਰਦ, ਕੋਟ ਕਰਾਰ ਖਾਂ ਤੇ ਖੋਜੇਵਾਲ ਵਿਖੇ ਜਾ ਕੇ ਛੱਪੜਾਂ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲਿਆ।
                     ਜ਼ਿਕਰਯੋਗ ਹੈ ਕਿ ਕਪੂਰਥਲਾ ਹਲਕੇ ਅੰਦਰ 7.37 ਕਰੋੜ ਰੁਪੈ ਦੀ ਲਾਗਤ ਨਾਲ 23 ਪਿੰਡਾਂ ਅੰਦਰ ਅਤਿ ਆਧੁਨਿਕ ਤਕਨੀਕ ਨਾਲ ਛੱਪੜਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦੇ ਨਾਲ-ਨਾਲ ਪਿੰਡਾਂ ਦੇ ਨਿਕਾਸੀ ਵਾਲੇ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾਵੇਗਾ।
                    ਵਿਧਾਇਕ ਰਾਣਾ ਗੁਰਜੀਤ ਸਿੰਘ, ਜੋ ਕਿ ਇਸ ਪ੍ਰਾਜੈਕਟ ਨੂੰ ਪਿੰਡਾਂ ਦੀ ਕਾਇਆ ਕਲਪ ਕਰਨ ਵਾਲਾ ਕਰਾਰ ਦਿੰਦੇ ਹਨ, ਨੇ ਦੱਸਿਆ ਕਿ ‘ਉਹ ਨਿੱਜੀ ਤੌਰ ’ਤੇ ਹਰ ਪਿੰਡ ਅੰਦਰ ਚੱਲ ਰਹੇ ਕੰਮ ਬਾਰੇ ਜਾ ਕੇ ਜਾਣਕਾਰੀ ਪ੍ਰਾਪਤ ਕਰਦੇ ਹਨ ਤਾਂ ਜੋ ਕੰਮ ਵਿਚ ਤੇਜੀ ਦੇ ਨਾਲ-ਨਾਲ ਗੁਣਵਤਾ ਵੀ ਬਰਕਰਾਰ ਰਹੇ’।
                  ਉਨ੍ਹਾਂ ਦੱਸਿਆ ਕਿ ਧੰਮ ਵਿਖੇ 23.48 ਲੱਖ ਰੁਪਏ, ਲੱਖਣ ਖੁਰਦ ਵਿਖੇ 49 ਲੱਖ, ਕੋਟ ਕਰਾਰ ਖਾਂ ਵਿਖੇ 23 ਲੱਖ ਤੇ ਖੋਜੇਵਾਲ ਵਿਖੇ 49 ਲੱਖ ਰੁਪੈ ਦੀ ਲਾਗਤ ਨਾਲ ਛੱਪੜ ਉਸਾਰੇ ਜਾ ਰਹੇ ਹਨ।ਇਸ ਤਹਿਤ ਛੱਪੜਾਂ ਦੇ ਪਾਣੀ ਨੂੰ ਮਸ਼ੀਨੀਕਰਨ ਰਾਹੀਂ ਸਾਫ ਕਰਕੇ ਵਰਤਿਆ ਜਾਵੇਗਾ।
ਪਿੰਡ ਧੰਮ ਵਿਖੇ ਲੋਕਾਂ ਨੇ ਦੱਸਿਆ ਕਿ ਛੱਪੜ ਦੀ ਪੱਕੀ ਉਸਾਰੀ ਨਾਲ ਜਿਥੇ ਧਰਤੀ ਹੇਠਲੇ ਪਾਣੀ ਨੂੰ ਗੰਦਾ ਹੋਣ ਤੋਂ ਰੋਕਿਆ ਜਾ ਸਕੇਗਾ ਉੰਥੇ ਹੀ ਗੰਦੇ ਪਾਣੀ ਨਾਲ ਹੋਣ ਵਾਲੀਆਂ ਅਨੇਕਾਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇਗਾ।
                    ਰਾਣਾ ਗੁਰਜੀਤ ਸਿੰਘ ਨੇ ਪਿੰਡ ਲੱਖਣ ਖੁਰਦ ਵਿਖੇ ਲੋਕਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ‘ਲੋਕ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਗਰਾਂਟਾਂ ਦੀ ਸੁਚੱਜੀ ਵਰਤੋਂ ਕਰਕੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਯਤਨ ਕਰਨ।
                ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ, ਜਸਪਾਲ ਸਿੰਘ ਤੇ ਹੋਰ ਆਗੂਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …