Monday, October 7, 2024

ਹੱਥਾਂ ਦੀ ਮੈਲ

ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ।
ਮਸ਼ਟੰਡੇ ਚੋਰ ਚੁਗੱਟਿਆਂ ਨੂੰ, ਇਹ ਮੂਹਰੇ ਕਰ ਬਿਠਾਉਂਦੀ ਏ।

ਰਿਸ਼ਵਤਖੋਰ ਖੁਸ਼ੀ ਵਿੱਚ ਭੂਤਰਦੇ, ਮੱਛਰ ਕੇ ਭੰਗੜੇ ਪਾਉਂਦੇ ਨੇ।
ਰੁਲ਼ੇ ਇਮਾਨਦਾਰੀ ਵਿੱਚ ਪੈਰਾਂ ਦੇ, ਸਗੋਂ ਦੱਬ ਕੇ ਖੂੰਜ਼ੇ ਲਾੳਂੁਦੇ ਨੇ।
ਇਹ ਦੁਨੀਆਂ ਖਾਤਰ ਪੈਸੇ ਦੇ, ਗਿਰਗਿਟ ਵਾਂਗ ਰੰਗ ਵਟਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ।

ਭਾਵੇਂ ਲੱਖ ਲਾਹਨਤੀ ਬੰਦਾ ਹੋਵੇ, ਸਭ ਆਪਣਾ ਆਪਣਾ ਕਹਿੰਦੇ ਨੇ।
ਚੰਗੇ ਨੂੰ ਅਰਕਾਂ ਵੱਜਦੀਆਂ ਨੇ, ਗਰਕੇ ਕੋਲ ਫਸ ਕੇ ਬਹਿੰਦੇ ਨੇ।
ਕਈ ਚਵਲ਼ਾਂ ਦੇ, ਬੈਠਣ ਲਈ ਜਗ੍ਹਾ ਬਣਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ।

ਉਦੋਂ ਵੇਖਣ ਵਾਲਾ ਮਹੌਲ ਹੁੰਦਾ, ਜਦੋਂ ਫੋਟੋ-ਫਾਟੋ ਲਹਿੰਦੀ ਹੈ।
ਕੱਢ ਧੌਣਾਂ ਜਗ੍ਹਾ ਬਣਾ ਲੈਂਦੇ, ਕੂਹਣੀ ਨਾਲ ਕੂਹਣੀ ਖਹਿੰਦੀ ਹੈ।
ਪਿੱਛੇ ਧੱਕੇ ਮਾਰ ਗਰੀਬਾਂ ਨੂੰ, ਛੁਰਲੀ ਤੇ ਛੁਰਲੀ ਆਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ।

ਸੱਚ ਨਿੰਮੋਝਾਣਾ ਵੇਂਹਦਾ ਏ, ਮੁੱਲ ਪੈਂਦਾ ਖਚਰੇ ਹਾਸੇ ਦਾ।
ਵਿੱਚ ਭੀੜ ਰੁਲ਼ਦੀਆਂ ਪੱਗਾਂ ਦਾ, ਦੁਨੀਆਂ ਦੇ ਖੇਡ ਤਮਾਸ਼ੇ ਦਾ।
ਇਹ ਦੁਨੀਆਂ ਦਾਅ ‘ਤੇ ਬੈਠੀ ਏ, ਮੌਕੇ ‘ਤੇ ਤੀਰ ਚਲਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ।

ਟੰਗ ਛਿੱਕੇ ਕਦਰਾਂ ਇਮਾਨ ਦੀਆਂ, ਜੋ ਕਰਦੇ ਘਾਲ਼ੇ ਮਾਲ਼ੇ ਨੇ।
ਮਾਇਆ ਦੀ ਧੌਂਸ ਜਮਾਉਣ ਵਾਲੇ, ਫਿਰ ੜਿੰਗਦੇ ਵੇਖਣ ਵਾਲੇ ਨੇ।
ਫਿਰ ਤੱਪੜ ਜਾਣ ਲਿਪੇਟੀਦੇ, ਜਦੋਂ ਗੂੰਜ਼ ਸੱਚ ਦੀ ਆਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ।

ਛੱਡ ਵਾਗਾਂ ਢਿੱਲੀਆਂ ਮੈਲ਼ ਦੀਆਂ, ਰੱਬ ਥੋੜ੍ਹਾ ਚਿਰ ਹੀ ਵੇਂਹਦਾ ਹੈ।
ਸਭ ਖੁਰਕ ਖਰਕ ਜਿਹੀ ਲਾਹ ਦੇਂਦਾ, ਜਦੋਂ ਪੁੱਠਾ ਗੇੜਾ ਦੇਂਦਾ ਹੈ।
ਸੰਧੂ ਰਹਿ ਡਰ ਕੇ ਰੱਬ ਕੋਲੋਂ, ਇਹ ਦਰ ਉਹਦੇ ਨਾ ਭਾਉਂਦੀ ਏ।
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ। 23052021

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …