ਜਿਲ੍ਹੇ ਅੰਦਰ 29 ਥਾਵਾਂ ’ਤੇ ਤੇਜ਼ੀ ਨਾਲ ਜਾਰੀ ਹੈ ਟੀਕਾਕਰਨ ਮੁਹਿੰਮ
ਕਪੂਰਥਲਾ, 13 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕੋਵਿਡ ਵੈਕਸੀਨੇਸ਼ਨ ਦਾ ਦਾਇਰਾ ਵਧਾਉਂਦੇ ਹੋਏ ਹੋਰ ਸ੍ਰੇਣੀਆਂ ਦੀ ਵੀ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਮੁੱਖ ਤੌਰ ’ਤੇ ਚੁਣੇ ਹੋਏ ਨੁਮਾਇੰਦੇ, ਦੁਕਾਨਦਾਰ, ਪ੍ਰਾਹੁਣਚਾਰੀ ਉਦਯੋਗ, ਰੇਹੜੀਆਂ ਵਾਲੇ, ਡਰਾਈਵਰ ਆਦਿ ਮੁਖ ਹਨ, ਤਾਂ ਜੋ ਆਰਥਿਕ ਗਤੀਵਿਧੀਆਂ ਦਾ ਧੁਰਾ ਇਨ੍ਹਾਂ ਵਰਗਾਂ ਦੀ ਵੈਕਸੀਨੇਸ਼ਨ ਕਰਕੇ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿਚ 29 ਸਾਇਟਾਂ ‘ਤੇ ਵੈਕਸੀਨੇਸ਼ਨ ਚੱਲ ਰਹੀ ਹੈ, ਜਿਥੇ ਹੁਣ ਦੁਕਾਨਦਾਰ ਤੇ ਉਨ੍ਹਾਂ ਦਾ ਸਟਾਫ ਆਪਣਾ ਜੀ.ਐਸ.ਟੀ ਨੰਬਰ ਅਤੇ ਸਟਾਫ ਨੂੰ ਅਥਾਰਟੀ ਲੈਟਰ ਰਾਹੀਂ ਤਸਦੀਕ ਕਰਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਪ੍ਰਾਹੁਣਚਾਰੀ ਖੇਤਰ ਜਿਵੇਂ ਕਿ ਹੋਟਲ, ਰੈਸਤਰਾਂ, ਮੈਰਿਜ਼ ਪੈਲੇਸ, ਬੇਕਰਜ਼ ਆਦਿ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਆਪਣਾ ਸ਼ਨਾਖਤੀ ਕਾਰਡ ਅਤੇ ਅਥਾਰਟੀ ਲੈਟਰ ਦਿਖਾ ਕੇ ਵੈਕਸੀਨ ਲਗਵਾ ਸਕਦੇ ਹਨ।
ਉਦਯੋਗਿਕ ਖੇਤਰ ਦੇ ਕਾਮੇ ਆਪਣਾ ਅਥਾਰਟੀ ਲੈਟਰ ਤੇ ਸ਼ਨਾਖਤੀ ਕਾਰਡ ਦਿਖਾ ਕੇ ਵੈੈਕਸੀਨੇਸ਼ਨ ਲਗਵਾ ਸਕਦੇ ਹਨ।ਇਸੇ ਤਰ੍ਹਾਂ ਰੇਹੜੀ ਵਾਲੇ, ਜੂਸ, ਚਾਟ, ਫਰੂਟ ਵਾਲੇ ਸਥਾਨਕ ਅਥਾਰਟੀ ਦੀ ਮਨਜ਼ੂਰੀਨ ਨਾਲ ਅਤੇ ਘਰੇਲੂ ਗੈਸ ਐਲ.ਪੀ.ਜੀ ਦੀ ਵੰਡ ਵਿਚ ਲੱਗੇ ਲੋਕ ਸਬੰਧਿਤ ਗੈਸ ਏਜੰਸੀ ਕੋਲੋਂ ਜਾਰੀ ਸ਼ਨਾਖਤੀ ਕਾਰਨ ਦਿਖਾ ਕੇ ਵੈਕਸੀਨ ਲਗਵਾ ਸਕਦੇ ਹਨ।ਇਸੇ ਤਰਾਂ ਬੱਸ ਡਰਾਈਵਰ, ਕੰਡਕਟਰ, ਆਟੋ ਤੇ ਟੈਕਸੀ ਡਰਾਈਵਰ ਵਾਹਨ ਦੀ ਵਪਾਰਕ ਆਰ.ਸੀ ਦਿਖਾ ਕੇ ਅਤੇ ਚੁਣੇ ਹੋਏ ਨੁਮਾਇੰਦੇ ਜਿਵੇਂ ਕਿ ਸਰਪੰਚ, ਪੰਚ, ਮੇਅਰ, ਕੌਂਸਲਰ, ਬਲਾਕ ਸੰਮਤੀਆਂ ਤੇ ਜਿਲ੍ਹਾ ਪ੍ਰੀਸ਼ਦਾਂ ਦੇ ਮੈਂਬਰ ਆਦਿ ਸਰਕਾਰੀ ਸ਼ਨਾਖਤੀ ਕਾਰਡ ਦਿਖਾ ਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ।
ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ ਅੰਡਰਰਾਸ਼ਟਰੀ ਯਾਤਰੀ ਆਪਣਾ ਪਾਸਪੋਰਟ, ਵੀਜਾ ਜਾਂ ਹੋਰ ਯੋਗ ਦਸਤਾਵੇਜ਼ ਦਿਖਾ ਕੇ ਵੈਕਸੀਨੇਸ਼ਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਦੀ ਵੈਕਸੀਨੇਸ਼ਨ ਦੀ ਦੂਜੀ ਡੋਜ਼ ਰਹਿੰਦੀ ਹੈ ਅਤੇ ਉਹ ਕੋਵੈਕਸੀਨ ਲਈ 4 ਤੋਂ 6 ਹਫਤੇ ਅਤੇ ਕੋਵੀਸ਼ੀਲਡ ਲਈ 12 ਤੋਂ 16 ਹਫਤੇ ਦਾ ਸਮਾਂ ਪੂਰਾ ਕਰ ਚੁੱਕੇ ਹਨ, ਉਹ ਵੀ ਵੈਕਸੀਨੇਸ਼ਨ ਤੁਰੰਤ ਕਰਵਾਉਣ ਤਾਂ ਜੋ ਮਹਾਂਮਾਰੀ ਨੂੰ ਰੋਕਣ ਵਿਚ ਮਦਦ ਮਿਲ ਸਕੇ।