ਧੂਰੀ, 20 ਜੂਨ (ਪ੍ਰਵੀਨ ਗਰਗ) – ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਲਗਾਏ ਗਏ ਵੱਡੇ ਬੋਰਡਾਂ ਨੇ ਹਲਕਾ ਧੂਰੀ ਦੀ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ।ਸਿੱਧੂ ਦੇ ਨੇੜਲੇ ਰਿਸ਼ਤੇਦਾਰ ਅਤੇ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਲਗਾਏ ਗਏ ਬੋਰਡਾਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਪੰਜਾਬ ਸਮੇਤ ਹਲਕਾ ਧੂਰੀ ‘ਚ ਵੀ ਨਵਜੋਤ ਸਿੰਘ ਸਿੱਧੂ ਦਾ ਵੱਡਾ ਅਧਾਰ ਅਤੇ ਧੜਾ ਅੱਜ ਵੀ ਕਾਇਮ ਹੈ।
ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਡੀਆਂ ਸਿਆਸੀ ਪਾਰਟੀਆਂ ‘ਚ ਅਕਸਰ ਮੁੱਦਿਆਂ ਨੂੰ ਲੈ ਕੇ ਲੀਡਰਾਂ ਦਰਮਿਆਨ ਮਤਭੇਦ ਬਣਦੇ ਆਏ ਹਨ ਅਤੇ ਪੰਜਾਬ ਪੱਖੀ ਕਈ ਮੁੱਦਿਆਂ ਨੂੰ ਲੈ ਕੇ ਅਜਿਹੇ ਮਤਭੇਦ ਹੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚ ਬਣੇ ਹੋਏ ਹਨ।ਪ੍ਰੰਤੂ ਨਵਜੋਤ ਸਿੰਘ ਸਿੱਧੂ ਜੋ ਕਿ ਹਮੇਸ਼ਾਂ ਪੰਜਾਬ ਦੇ ਪੱਖ ਦੀ ਗੱਲ ਕਰਦੇ ਆਏ ਹਨ, ਨੇ ਪੰਜਾਬ ਦੇ ਹਿੱਤਾਂ ਲਈ ਆਪਣੀ ਵਜ਼ੀਰੀ ਨੂੰ ਠੋਕਰ ਮਾਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਨਵਜੋਤ ਸਿੱਧੂ ਲਈ ਪੰਜਾਬ ਦੇ ਹਿੱਤ ਕੁਰਸੀ ਤੋਂ ਉਪਰ ਹਨ।ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦਾ ਸਬੰਧ ਦੇਸ਼-ਭਗਤ ਪਰਿਵਾਰ ਨਾਲ ਹੈ ਅਤੇ ਸਿੱਧੂ ਦੇ ਪੁਰਖੇ ਪਰਜ਼ਾ ਮੰਡਲ ਲਹਿਰ ਵਿੱਚ ਸ਼ਾਮਿਲ ਸਨ।ਅੰਤਰਰਾਸ਼ਟਰੀ ਪੱਧਰ ਦੇ ਚਿਹਰੇ ਨਵਜੋਤ ਸਿੱਧੂ ਦੀ ਇਮਾਨਦਾਰੀ ਨੂੰ ਵਿਰੋਧੀ ਧਿਰਾਂ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੀਆਂ ਅਤੇ ਸਿੱਧੂ ਤੋਂ ਬਿਨਾਂ ਕਾਂਗਰਸ ਦੀ ਬੇੜੀ ਕਿਨਾਰੇ ਨਹੀਂ ਲੱਗ ਸਕਦੀ।2022 ਦੀਆਂ ਚੋਣਾਂ ਤੋਂ ਪਹਿਲਾਂ ਜੇਕਰ ਸਿੱਧੂ ਨੂੰ ਪਾਰਟੀ ਵਿੱਚ ਵੱਡੀ ਜਿੰਮੇਵਾਰੀ ਦੇ ਕੇ ਮੈਦਾਨ ਵਿੱਚ ਨਾ ਉਤਾਰਿਆ ਗਿਆ ਤਾਂ ਵਿਰੋਧੀ ਸਿਆਸੀ ਪਾਰਟੀਆਂ ਇਸ ਦਾ ਲਾਹਾ ਜਰੂਰ ਲੈ ਜਾਣਗੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …