Monday, December 23, 2024

ਚੀਫ ਖਾਲਸਾ ਦੀਵਾਨ ਵਲੋਂ ਡਾ: ਜਸਵਿੰਦਰ ਸਿੰਘ ਢਿੱਲੋਂ ਐਜੂਕੇਸ਼ਨਲ ਕਮੇਟੀ ਆਨਰੇਰੀ ਸਕੱਤਰ ਦੇ ਅਹੁੱਦੇ ਤੋਂ ਬਰਖਾਸਤ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੋਏ ਫੈਸਲੇ ਅਨੁਸਾਰ ਡਾ: ਜਸਵਿੰਦਰ ਸਿੰਘ ਢਿੱਲੋਂ ਨੂੰ ਆਨਰੇਰੀ ਸਕੱਤਰ ਦੇ ਅਹੁੱਦੇ ਤੋਂ ਬਰਖਾਸਤ ਕਰ ਦਿੱਤਾ ਗਿਆ।
               ਮੀਟਿੰਗ ਦੌਰਾਨ ਐਜੂਕੇਸ਼ਨਲ ਕਮੇਟੀ ਮੈਂਬਰਾਂ ਨੇ ਡਾ: ਜਸਵਿੰਦਰ ਸਿੰਘ ਢਿੱਲੋਂ ਵਲੋਂ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਦੇ ਜਿੰਮੇਵਾਰ ਅਹੁੱਦੇ ‘ਤੇ ਰਹਿੰਦਿਆਂ ਪੰਥ ਵਿਰੋਧੀ ਅਤੇ ਕਿਸਾਨਾਂ ਲਈ ਘਾਤਕ ਅਤੇ ਮਾਰੂ ਸਾਬਿਤ ਹੋਈ ਰਾਜਨੀਤਕ ਪਾਰਟੀ ਵਿੱਚ ਸ਼ਾਮਲ ਹੋਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।
                       ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਸਿੱਖਾਂ ਦੀ ਅਗਵਾਈ ਵਿੱਚ ਦਿੱਲੀ ਸਰੱਹਦਾਂ ਤੇ ਪਿਛਲੇ 8 ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਲੱਖਾਂ ਦੀ ਗਿਣਤੀ ਵਿਚ ਕਿਸਾਨ ਵੀਰਾਂ ਵਲੋਂ ਸ਼ਾਂਤੀਪੂਰਵਕ ਜੋ ਸਰੀਰਕ ਅਤੇ ਮਾਨਸਿਕ ਤਸੀਹੇ ਝੱਲੇ ਜਾ ਰਹੇ ਹਨ, ਉਸ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਜਿੰਮੇਵਾਰ ਹੈ।ਕੇਂਦਰ ਸਰਕਾਰ ਦੀ ਹੱਠ ਧਰਮੀ ਕਾਰਨ 500 ਦੇ ਲੱਗਭਗ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਹਨ।ਪਰ ਕਿਸਾਨੀ ਪਿਛੋਕੜ ਨਾਲ ਸੰਬੰਧਤ ਡਾ: ਜਸਵਿੰਦਰ ਸਿੰਘ ਢਿੱਲੋਂ ਚੀਫ਼ ਖ਼ਾਲਸਾ ਦੀਵਾਨ ਦੀ ਇੱਕ ਜਿੰਮੇਵਾਰ ਸੰਸਥਾ ਐਜੂਕੇਸ਼਼ਨਲ ਕਮੇਟੀ ਦੇ ਆਨਰੇਰੀ ਸਕੱਤਰ ਹੋਣ ਦੇ ਬਾਵਜ਼ੂਦ ਕਿਸਾਨ ਵਿਰੋਧੀ ਰਾਜਨੀਤਕ ਪਾਰਟੀ ਦੀ ਝੋਲੀ ਪੈ ਗਿਆ ਹੈ, ਸਿੱਖ ਕੌਮ ਨਾਲ ਧੋਖਾ ਹੈ ਅਤੇ ਨਮੋਸ਼ੀ ਵਾਲੀ ਗੱਲ ਹੈ।
                ਮੀਟਿੰਗ ਵਿਚ ਹਾਜ਼ਰ ਐਜੂਕੇਸ਼ਨਲ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਤਰਨਤਾਰਨ, ਪ੍ਰੋ: ਹਰੀ ਸਿੰਘ, ਅਜਾਇਬ ਸਿੰਘ ਅਭਿਆਸੀ, ਸੰਤੋਖ ਸਿੰਘ ਸੇਠੀ, ਜਸਪਾਲ ਸਿੰਘ ਢਿੱਲੋ, ਪ੍ਰੋ: ਸੂਬਾ ਸਿੰਘ, ਡਾ: ਸਰਬਜੀਤ ਸਿੰਘ ਛੀਨਾ, ਸੁਖਜਿੰਦਰ ਸਿੰਘ ਪ੍ਰਿੰਸ, ਪ੍ਰਿੰਸੀਪਲ ਜੋਗਿੰਦਰ ਸਿੰਘ ਅਰੋੜਾ, ਡਾ: ਟੀ.ਐਸ ਚਾਹਲ, ਗੁਰਪ੍ਰੀਤ ਸਿੰਘ ਸੇਠੀ ਸਮੇਤ ਸਮੂਹ ਮੈਂਬਰਾਂ ਨੇ ਸਾਂਝੇ ਤੌਰ ਤੇ ਡਾ: ਜਸਵਿੰਦਰ ਸਿੰਘ ਢਿੱਲੋਂ ਦੇ ਇਸ ਪੰਥ ਅਤੇ ਕਿਸਾਨ ਵਿਰੋਧੀ ਫੈਸਲੇ ਦੀ ਪੁਰਜ਼ੋਰ ਨਿੰਦਾ ਕਰਦਿਆਂ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ।ਮੀਟਿੰਗ ਦੌਰਾਨ ਮੈਂਬਰਾਂ ਵਲੋਂ ਪ੍ਰਗਟਾਏ ਗਏ ਵਿਚਾਰਾਂ ਦੇ ਸਨਮੁੱਖ ਐਜੂਕੇਸ਼ਨਲ ਕਮੇਟੀ ਵਲੋਂ ਸਰਬ-ਸੰਮਤੀ ਨਾਲ ਡਾ: ਜਸਵਿੰਦਰ ਸਿੰਘ ਢਿੱਲੋਂ ਨੂੰ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਦੇ ਅਹੁੱਦੇ ਤੋਂ ਬਰਖਾਸਤ ਕਰ ਦਿੱਤਾ ਗਿਆ।
                   ਇਸ ਮੌਕੇ ਮਨਮੋਹਨ ਸਿੰਘ, ਜਸਪਾਲ ਸਿੰਘ ਪੀ.ਸੀ.ਐਸ ਤੇ ਪ੍ਰੋ: ਜੋਗਿੰਦਰ ਸਿੰਘ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …