ਸਾਬਕਾ ਕੇਂਦਰੀ ਮੰਤਰੀ ਸਵ. ਸ਼੍ਰੀ ਰਘੂਨੰਦਨ ਲਾਲ ਭਾਟੀਆ ਨੂੰ ਭੇਟ ਕੀਤੀ ਸ਼ਰਧਾਂਜਲੀ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ।ਮੀਟਿੰਗ ਦੀ ਰਸਮੀ ਸ਼ੁਰੂਆਤ ਉਪਰੰਤ ਮੇਅਰ ਦੇ ਕਹਿਣ ‘ਤੇ ਹਾਊਸ ਵਿੱਚ ਮੌਜ਼ੂਦ ਸਾਰੇ ਕੌਂਸਲਰਾਂ ਅੰਮ੍ਰਿਤਸਰ ਸ਼ਹਿਰ ਦੇ ਹਰਮਨ ਪਿਆਰੇ ਤੇ ਕਾਂਗਰਸ ਪਾਰਟੀ ਦੇ ਉਘੇ ਲੀਡਰ ਸਵ. ਸ਼੍ਰੀ ਰਘੂਨੰਦਨ ਲਾਲ ਭਾਟੀਆ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ 2 ਮਿੰਟ ਦਾ ਮੋਨ ਰੱਖਿਆ ਗਿਆ।
ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਅੰਮ੍ਰਿਤਸਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦਾ ਸਮੁੱਚੇ ਹਾਊਸ ਵਲੋਂ ਸਵਾਗਤ ਕੀਤਾ ਗਿਆ।ਇਸ ਦੇ ਨਾਲ ਹੀ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਦੇ ਬਤੌਰ ਆਈ.ਏ.ਐਸ ਪਦਉਨਤ ਹੋਣ ‘ਤੇ ਉਹਨਾਂ ਨੂੰ ਵੀ ਹਾਊਸ ਵਲੋਂ ਸ਼ੁਭਇੱਛਾਵਾਂ ਦਿੱਤੀਆਂ ਗਈਆਂ।
ਜਨਰਲ ਹਾਊਸ ਦੀ ਅੱਜ ਦੀ ਮੀਟਿੰਗ ਵਿਚ ਮੌਜ਼ੂਦ ਸਾਰੇ ਕੌਂਸਲਰ ਸਾਹਿਬਾਨ ਵਲੋਂ ਇਸ ਮੀਟਿੰਗ ਵਿਚ ਪੇਸ਼ ਕੀਤੇ ਗਏ ਕੁੱਝ ਮਤਿਆਂ ਨੂੰ ਛੱਡ ਕੇ ਵਿਕਾਸ ਕਾਰਜ਼ਾਂ ਦੇ ਬਾਕੀ ਸਾਰੇ ਮਤਿਆਂ ਨੂੰ ਸਰਵਸਮੰਤੀ ਨਾਲ ਪ੍ਰਵਾਨਗੀ ਦਿੱਤੀ ਗਈ।ਜਨਰਲ ਹਾਊਸ ਦੀ ਮੀਟਿੰਗ ਵਿੱਚ ਸ਼ਾਮਿਲ ਸਾਰੇ ਕੌਂਸਲਰ ਸਾਹਿਬਾਨ ਵਲੋਂ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਮੇਅਰ ਦਾ ਧੰਨਵਾਦ ਕੀਤਾ ਗਿਆ।