Monday, December 23, 2024

ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਬਣਿਆ ਲੋਕ ਲਹਿਰ – ਅਨਿਲ ਗੁਪਤਾ

ਦੌਲਤਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਲਗਾਏ 400 ਬੂਟੇ

ਨਵਾਂਸ਼ਹਿਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – 12ਵਾਂ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਸਬੰਧੀ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਮਾਗਮ ਅੱਜ ਪਿੰਡ ਦੌਲਤਪੁਰ ਵਿਖੇ ਬੱਬਰ ਕਰਮ ਸਿੰਘ ਖਾਲਸਾ ਮੈਮੋਰੀਅਲ ਟਰੱਸਟ ਅਤੇ ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦੀ ਮੇਜ਼ਬਾਨੀ ਵਿਚ ਮਨਾਇਆ ਗਿਆ।ਜਿਸ ਦੌਰਾਨ 400 ਪੌਦੇ ਲਗਾਏ ਗਏ। ਸਹਾਇਕ ਕਮਿਸ਼ਨਰ ਅਨਿਲ ਗੁਪਤਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਸਤਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਦੋਵਾਂ ਸ਼ਖਸੀਅਤਾਂ ਸਮੇਤ ਜੀ.ਜੀ.ਆਈ.ਓ ਸੰਚਾਲਕ ਅਸ਼ਵਨੀ ਜੋਸ਼ੀ, ਟਰੱਸਟ ਅਧਿਕਾਰੀ ਜਸਪਾਲ ਸਿੰਘ ਜਾਡਲੀ, ਤਰਣਦੀਪ ਸਿੰਫ ਥਾਂਦੀ, ਸਮਾਜ ਸੇਵੀ ਜਸਪਾਲ ਹਾਫ਼ਿਜ਼ਾਬਾਦੀ ਨੇ ਪੌਦੇ ਲਗਾ ਕੇ ਰਸਮੀ ਤੌਰ ’ਤੇ ਮੁਹਿੰਮ ਦੀ ਸ਼ੁਰੂਆਤ ਕੀਤੀ।
               ਮੁੱਖ ਮਹਿਮਾਨ ਅਨਿਲ ਗੁਪਤਾ ਨੇ ਇਸ ਮੌਕੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਗਵਾਈ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਿਆ-ਭਰਿਆ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ।ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਜੁਲਾਈ ਦੇ ਅਖ਼ੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਲੋਕ ਲਹਿਰ ਵਜੋਂ ਹਰੇਕ ਨਾਗਰਿਕ ਨੂੰ ਨਿੱਜੀ ਤੌਰ ’ਤੇ ਰੁੱਖ ਲਗਾਉਣ ਅਤੇ ਪਾਲਣ ਲਈ ਪ੍ਰੇਰਿਤ ਕਰਦਾ ਹੈ।
                  ਜ਼ਿਲ੍ਹਾ ਜੰਗਲਾਤ ਅਫ਼ਸਰ ਸਤਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਨਵਾਂਸ਼ਹਿਰ ਫਾਰੈਸਟ ਡਵੀਜ਼ਨ ਵਿਚ ਇਸ ਰੁੱਤੇ 3 ਲੱਖ ਪੌਦੇ ਲਗਾਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ 15 ਪੌਦੇ ‘ਆਈ ਹਰਿਆਲੀ’ ਮੋਬਾਇਲ ਐਪ ਜ਼ਰੀਏ ਦੇਣ ਦਾ ਪ੍ਰਬੰਧ ਵੀ ਹੈ।ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੇ ਕਿਸਾਨਾਂ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ 12 ਲੱਖ ਬੂਟੇ ਲਗਾਏ ਗਏ ਹਨ, ਜਿਸ ਤਹਿਤ ਕਿਸਾਨਾਂ ਨੂੰ 32 ਰੁਪਏ ਪ੍ਰਤੀ ਬੂਟੇ ਦੀ ਸਬਸਿਡੀ ਵੀ ਦਿੱਤੀ ਗਈ ਹੈ।ਨਵਾਂਸ਼ਹਿਰ ਵਣ ਮੰਡਲ 13.76 ਵਰਗ ਕਿਲੋਮੀਟਰ ਜੰਗਲ ਦਾ ਵਾਧਾ ਹੋਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਦੁਕਾਨਦਾਰ ਹਰੇਕ ਦੁਕਾਨ ਵਿਚਕਾਰ ਇਕ ਰੁੱਖ ਲਗਾਉਣ ਲਈ ਸਵੈ-ਇਛੁੱਕ ਉਪਰਾਲਾ ਕਰਨ।
                ਅਸ਼ਵਨੀ ਜੋਸ਼ੀ ਨੇ ਇਸ ਦੌਰਾਨ ਦੱਸਿਆ ਕਿ ਮਾਨਸੂਨ ਸੀਜ਼ਨ ਵਿਚ ਜੀ.ਜੀ.ਆਈ.ਓ ਵੱਲੋਂ ਜੰਗੀ ਪੱਧਰ ’ਤੇ ਪੌਦੇ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਸਾਨੂੰ ਭਰਵੀਂ ਅਬਾਦੀ ਵਾਲੇ ਸ਼ਹਿਰਾਂ ਅਤੇ ਪਿੰਡਾਂ ਦੇ ਅੰਦਰਲੇ ਇਲਾਕਿਆਂ ਵਿੱਚ ਜ਼ਿਆਦਾ ਰੁੱਖ ਲਗਾਉਣ ਦੀ ਲੋੜ ਹੈ, ਤਾਂ ਜੋ ਸਭਨਾਂ ਨੂੰ ਪੂਰੀ ਆਕਸੀਜਨ ਢੁੱਕਵੀਂ ਮਾਤਰਾ ਵਿਚ ਮਿਲ ਸਕੇ।ਸਮਾਗਮ ਦੌਰਾਨ ਸਮੂਹ ਮਹਿਮਾਨਾਂ ਨੂੰ ਯਾਦਗਾਰੀ ਨਿਸ਼ਾਨੀ ਵਜੋਂ ਪੌਦਿਆਂ ਵਾਲੇ ਗਮਲੇ ਭੇਟ ਕੀਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …