Monday, December 23, 2024

ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ‘ਉਮੀਦ’ ਸਦਕਾ ਨੇਹਾ ਨੂੰ ਮਿਲੀ ਨਵੀਂ ਜ਼ਿੰਦਗੀ

ਨੇਕ ਕੰਮ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹੋ ਰਹੀ ਚੁਫੇਰਿਓਂ ਸ਼ਲਾਘਾ

ਨਵਾਂਸ਼ਹਿਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ, ਅਤੇ ਐਨ.ਜੀ.ਓ ‘ਉਮੀਦ’ ਦੇ ਯਤਨਾਂ ਸਦਕਾ ਗਿੱਦੜਬਾਹਾ ਦੀ ਰਹਿਣ ਵਾਲੀ 12 ਸਾਲਾ ਨੇਹਾ ਨਾਮਕ ਲੜਕੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ।ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਗਿੱਦੜਬਾਹਾ ਦੀ ਐਨ.ਜੀ.ਓ ‘ਉਮੀਦ’ ਦੇ ਪ੍ਰਧਾਨ ਐਡਵੋਕੇਟ ਨਰਾਇਣ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਗਿਆ ਸੀ ਕਿ ਗਿੱਦੜਬਾਹਾ ਦੀਆਂ ਤਿੰਨ ਭੈਣਾਂ ਆਪਣੇ ਦਾਦਾ-ਦਾਦੀ ਕੋਲ ਰਹਿੰਦੀਆਂ ਸਨ, ਜਿਥੇ ਉਨ੍ਹਾਂ ਨੂੰ ਉਨ੍ਹਾਂ ਦੀ ਚਾਚੀ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ।ਪਿਤਾ ਦੀ ਮੌਤ ਤੋਂ ਬਾਅਦ ਇਨ੍ਹਾਂ ਦੀ ਮਾਤਾ ਵੱਲੋਂ ਦੂਜਾ ਵਿਆਹ ਕਰਵਾ ਲਿਆ ਗਿਆ ਸੀ।ਨੇਹਾ ਦੇ ਦੱਸਣ ਅਨੁਸਾਰ ਉਸ ਦੀ ਚਾਚੀ ਉਨ੍ਹਾਂ ਨੂੰ ਅਨਾਥ ਆਸ਼ਰਮ ਭੇਜਣ ਲਈ ਜ਼ੋਰ ਪਾ ਰਹੀ ਸੀ, ਪਰੰਤੂ ਉਸ ਦੇ ਦਾਦਾ-ਦਾਦੀ ਅਜਿਹਾ ਨਹੀਂ ਚਾਹੁੰਦੇ ਸਨ।ਕਰੀਬ ਅੱਠ ਮਹੀਨੇ ਪਹਿਲਾਂ ਉਸ ਦੀ ਚਾਚੀ ਨੇ ਉਸ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਸੀ, ਜਿਸ ਕਾਰਨ ਉਸ ਦਾ ਚੂਲ਼ਾ ਟੁੱਟ ਗਿਆ ਸੀ।ਉਸ ਦਾ ਸਥਾਨਕ ਹਸਪਤਾਲ ਵਿਚ ਇਲਾਜ਼ ਕਰਵਾਇਆ ਗਿਆ, ਪ੍ਰੰਤੂ ਉਹ ਠੀਕ ਨਾ ਹੋ ਸਕੀ।
                ਇਸ ਤੋਂ ਬਾਅਦ ਉਸ ਦੇ ਮੁਹੱਲੇ ਦੇ ਕੌਂਸਲਰ ਵੱਲੋਂ ਐਨ.ਜੀ.ਓ ‘ਉਮੀਦ’ ਦੇ ਪ੍ਰਧਾਨ ਐਡਵੋਕੇਟ ਨਰਾਇਣ ਸਿੰਘ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਵੱਲੋਂ ‘ਉਮੀਦ’ ਦੀ ਐਂਬੂਲੈਂਸ ਰਾਹੀਂ ਨੇਹਾ ਨੂੰ ਇਲਾਜ਼ ਲਈ ਬਠਿੰਡਾ ਹਸਪਤਾਲ ਲਿਜਾਇਆ ਗਿਆ, ਪ੍ਰੰਤੂ ਉਥੇ ਵੀ ਉਸ ਦਾ ਇਲਾਜ਼ ਨਾ ਹੋ ਸਕਿਆ।ਸੀ.ਜੇ.ਐਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਮਾਮਲਾ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਧਿਆਨ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਫੌਰਨ ਪੀ.ਜੀ.ਆਈ ਚੰਡੀਗੜ੍ਹ ਵਿਖੇ ਗੱਲ ਕੀਤੀ ਗਈ।ਨੇਹਾ ਨੂੰ 12 ਜੁਲਾਈ 2021 ਨੂੰ ‘ਉਮੀਦ’ ਦੇ ਸਹਿਯੋਗ ਨਾਲ ਗਿੱਦੜਬਾਹਾ ਤੋਂ ਇਲਾਜ਼ ਲਈ ਪੀ.ਜੀ.ਆਈ ਚੰਡੀਗੜ੍ਹ ਦਾਖਲ ਕਰਵਾਉਣ ‘ਤੇ ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਸਫਲ ਸਰਜਰੀ ਕੀਤੀ ਗਈ, ਜਿਥੋਂ ਉਸ ਨੂੰ 21 ਜੁਲਾਈ ਨੂੰ ਛੁੱਟੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਹ ਬੱਚੀ ਦੇ ਇਲਾਜ ਤੋਂ ਲੈ ਕੇ ਹਸਪਤਾਲੋਂ ਛੁੱਟੀ ਮਿਲਣ ਤੱਕ ਲਗਾਤਾਰ ਉਸ ਦੇ ਸੰਪਰਕ ਵਿਚ ਰਹੇ।ਉਨ੍ਹਾਂ ਦੱਸਿਆ ਕਿ ਪੀ.ਜੀ.ਆਈ ਦੇ ਡਾਕਟਰਾਂ ਵੱਲੋਂ ਬੇਹੱਦ ਮੁਸ਼ੱਕਤ ਤੋਂ ਬਾਅਦ ਉਸ ਦੀ ਪਸਲੀ ਕੱਟ ਕੇ ਪਾਈ ਗਈ ਹੈ ਅਤੇ ਉਮੀਦ ਹੈ ਕਿ ਉਹ ਬਹੁਤ ਜਲਦ ਚੱਲਣ-ਫਿਰਨ ਲੱਗੇਗੀ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਸ ਸ਼ਲਾਘਾਯੋਗ ਕਾਰਜ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ, ਜਿਸ ਸਦਕਾ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …