Tuesday, December 3, 2024

ਰੱਬ ਦੇ ਘਰ….. (ਛੋਟੀ ਕਹਾਣੀ)

             ਸੁਖਮਨੀ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦੀ ਸੀ।ਨਿੱਕੀ ਤੋਂ ਨਿੱਕੀ ਗੱਲ ਆਪਣੇ ਦਾਦਾ ਜੀ ਨਾਲ ਸਾਂਝੀ ਕਰਨਾ ਉਹ ਆਪਣਾ ਫਰਜ਼ ਸਮਝਦੀ ਸੀ।ਬੇਸ਼ਕ ਸੁਖਮਨੀ ਦੀ ਅਜੇ ਉਮਰ ਜਿਆਦਾ ਨਹੀਂ ਸੀ।ਪਰ ਫਿਰ ਗੱਲਾਂ ਬਹੁਤ ਸਿਆਣੀਆਂ ਕਰਿਆ ਕਰਦੀ।ਸੁਖਮਨੀ ਨੂੰ ਇਹ ਨਹੀਂ ਕਿ ਇਕੱਲਾ ਦਾਦਾ ਹੀ ਲਾਡ ਪਿਆਰ ਜ਼ਿਆਦਾ ਕਰਦਾ ਸੀ।ਸਾਰੇ ਪਰਿਵਾਰ ਤੋਂ ਇਲਾਵਾ ਆਂਢ-ਗੁਆਂਢ ਵੀ ਬਹੁਤ ਪਿਆਰਦਾ ਸੀ।ਬਾਲੜੀ ਦੇ ਮੂੰਹੋ ਨਿੱਕੀਆਂ ਨਿੱਕੀਆਂ ਗੱਲਾਂ ਸੁਣਨ ਨੂੰ ਹਰ ਇੱਕ ਦਾ ਜੀਅ ਕਰਦਾ ਰਹਿੰਦਾ ਸੀ।ਦਾਦੇ ਨੇ ਉਸ ਨੂੰ ਮੋਢੇ ਉਤੇ ਚੁੱਕ ਗੁਰਦੁਵਾਰਾ ਸਾਹਿਬ ਲੈ ਕੇ ਜਾਣਾ।ਗੁਰਦੁਵਾਰਾ ਸਾਹਿਬ ਕਿਵੇਂ ਮੱਥਾ ਟੇਕਣਾ ਕਿਵੇਂ ਪ੍ਰੀਕਰਮਾ ਕਰਨੀ।ਜੋੜਿਆ ਦੀ ਸੇਵਾ ਕਰਦੇ ਸਮੇਂ ਨਾਲ ਬਿਠਾਉਣਾ।ਘਰ ਜਾਣ ਲੱਗਿਆਂ ਬਾਬਾ ਜੀ ਤੋਂ ਕਿਵੇਂ ਆਗਿਆ ਲੈਣੀ ਤੇ ਅਰਦਾਸ ਵਿੱਚ ਸ਼ਾਮਲ ਹੋਣਾ ਇਹ ਸਾਰਾ ਕੁੱਝ ਦਾਦਾ ਜੀ ਨੇ ਉਸ ਨੂੰ ਸਿਖਾ ਦਿੱਤਾ ਸੀ।
               ਜਦੋਂ ਕਿਸੇ ਨੇ ਜੈਮਲ ਸਿੰਘ ਨੂੰ ਪੁੱਛ ਲੈਣਾ ਕਿ ਤੂੰ ਆਪ ਤਾਂ ਮਸਾਂ ਲੱਤਾਂ ਘਸੀਟ ਕੇ ਤੁਰਦਾ ਹੈ, ਉਪਰੋਂ ਆਹ ਕੁੜੀ ਦਾ ਭਾਰ ਵਾਧੂ ਚੁੱਕੀ ਫਿਰਦਾ ਰਹਿੰਦਾ ਏ।ਜੈਮਲ ਸਿੰਘ ਨੇ ਹੱਸਦੇ ਹੋਏ ਕਹਿਣਾ ਕਿ ਇਸ ਨੂੰ ਭਾਰ ਨਾ ਸਮਝੋ।ਇਸ ਨੇ ਤਾਂ ਸਾਡੀ ਸੰਤਾਨ ਨੂੰ ਭਾਗ ਲਾਉਣਾ ਏ।ਅਸੀਂ ਕੋਈ ਰਾਜੇ-ਮਹਾਰਾਜੇ ਥੋੜੇ ਆਂ ਕਿ ਕੁੜੀਆਂ ਨਹੀਂ ਜ਼ੰਮਣੀਆਂ।ਕੁੜੀਆਂ ਤਾਂ ਰੱਬ ਕਰਮਾਂ ਵਾਲਿਆਂ ਨੂੰ ਦਿੰਦਾ ਹੈ।ਪਹਿਲਾਂ ਮੇਰੀ ਭੂਆ ਨਹੀਂ ਸੀ ਕੋਈ, ਫਿਰ ਭੈਣ ਜ਼ੰਮਦੀ ਮਰ ਗਈ।ਅਗੋਂ ਰੱਬ ਨੇ ਧੀ ਦਾ ਮੂੰਹ ਨਹੀਂ ਵਿਖਾਇਆ।ਆਹ ਤਾਂ ਮੈ ਗੁਰੂ ਘਰ ਅਰਦਾਸਾਂ ਕਰਵਾ ਕੇ ਪੋਤਰੀ ਲਈ ਹੈ।ਇਸ ਕਰਕੇ ਇਸ ਦਾ ਨਾਂ ਵੀ ਸੁਖਮਨੀ ਰੱਖਿਆ ਏ।ਖ਼ਬਰਦਾਰ ਜੇ ਕਿਸੇ ਨੇ ਮੇਰੀ ਲਾਡਲੀ ਨੂੰ ਭਾਰ ਕਿਹਾ ਤੇ ਬਸ ਫਿਰ ਕੀ ਸਾਰੇ ਚੁੱਪ ਹੋ ਜਾਂਦੇ।
            ਇੱਕ ਦਿਨ ਉਹ ਵੀ ਆ ਗਿਆ।ਜਿਹੜਾ ਸਾਰਿਆਂ ‘ਤੇ ਆਉਂਦਾ ਹੈ।ਕਿਸੇ ‘ਤੇ ਪਹਿਲਾਂ ਤੇ ਕਿਸੇ ਤੇ ਬਾਹਦ ਵਿੱਚ।ਜੈਮਲ ਸਿਹੁੰ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਦਾ ਕਰਦਾ ਹੀ ਚੱਲ ਵਸਿਆ। ਕਿਸੇ ਨੂੰ ਪਤਾ ਹੀ ਨਾ ਲੱਗਾ।ਹਰ ਰੋਜ਼ ਦੀ ਤਰਾਂ ਸੁਖਮਨੀ ਉਠੀ ਤੇ ਬਾਪੂ ਨਾਲ ਗੁਰਦੁਵਾਰਾ ਸਾਹਿਬ ਜਾਣ ਲਈ ਬਾਪੂ ਕੋਲ ਆਈ।ਬਾਪੂ ਜਿਵੇਂ ਨਿਤਨੇਮ ਕਰਨ ਬੈਠਦਾ ਉਵੇਂ ਹੀ ਅੱਖਾਂ ਮੀਟੀ ਬੈਠਾ ਸੀ।ਬਾਪੂ ਜੀ ਚੱਲੋ ਉਠੋ ਗੁਰਦੁਵਾਰਾ ਸਾਹਿਬ ਚੱਲੀਏ।ਅੱਗੇ ਤੁਸੀਂ ਮੈਨੂੰ ਆਵਾਜ਼ ਮਾਰਦੇ ਸੀ, ਅੱਜ ਮੈਂ ਤੁਹਾਨੂੰ ਆਵਾਜ਼ ਮਾਰਨ ਆਈ ਹਾਂ।ਬਾਂਹ ਤੋਂ ਫੜ੍ਹ ਕੇ ਹਿਲਾਇਆ, ਪਰ ਜੇ ਉਹ ਹੁੰਦਾ ਤਾਂ ਹੀ ਬੋਲਦਾ।ਗੁੱਸੇ ਵਿੱਚ ਆ ਕੇ ਕਹਿੰਦੀ ਤੂੰ ਹਰ ਰੋਜ਼ ਕਹਿੰਦਾ ਸੀ ਕਿ ਆ ਸੁਖਮਨੀ ਰੱਬ ਦੇ ਘਰ ਚੱਲੀਏ।ਹੁਣ ਮੈ ਨਹੀਂ ਤੇਰੇ ਨਾਲ ਰੱਬ ਦੇ ਘਰ ਜਾਣਾ ਤੂੰ ਇਕੱਲਾ ਹੀ ਰੱਬ ਘਰ ਜਾਵੀਂ।ਕਮਰੇ ਵਿਚੋਂ ਬਾਹਰ ਆ ਕੇ ਆਪਣੀ ਦਾਦੀ ਨੂੰ ਕਹਿੰਦੀ ਕਿ ਬੀਜ਼ੀ ਅੱਜ ਬਾਪੂ ਮੇਰੇ ਨਾਲ ਬੋਲਿਆ ਨਹੀਂ।ਨਾ ਹੀ ਉਹ ਗੁਰਦੁਵਾਰਾ ਸਾਹਿਬ ਜਾਣ ਲਈ ਤੁਰਿਆ ਹੈ।
                ਦਾਦੀ ਨੇ ਜਦੋਂ ਕਮਰੇ ਵਿੱਚ ਜਾ ਕੇ ਵੇਖਿਆ।ਵੇਖਦਿਆਂ ਹੀ ਪਤਾ ਲੱਗ ਗਿਆ ਕਿ ਇਹ ਤਾਂ ਸੁਰਗਵਾਸ ਹੋਇਆ ਪਿਆ ਹੈ।ਦਾਦੀ ਦੇ ਅੱਖਾਂ ਵਿੱਚੋਂ ਪਾਣੀ ਵਗਦਾ ਵੇਖ ਸੁਖਮਨੀ ਪੁੱਛਣ ਲੱਗੀ।ਬੀਜ਼ੀ ਕੀ ਹੋਇਆ ਹੈ ਮੇਰੇ ਬਾਪੂ ਕਿਉਂ ਨਹੀਂ ਬੋਲਦਾ ਤੂੰ।ਕਿਉਂ ਅੱਖਾਂ ਵਿੱਚੋਂ ਪਾਣੀ ਭਰ ਆਈ ਏ।ਨਹੀਂ ਸੁਖਮਨੀ ਤੇਰਾ ਬਾਪੂ ਰੱਬ ਦੇ ਘਰ ਚਲਾ ਗਿਆ ਏ।ਬੀਜ਼ੀ ਰੱਬ ਦਾ ਘਰ ਕਿੱਥੇ ਆ ਮੈਂ ਵੀ ਵੇਖਣਾ ਏ।ਬਾਪੂ ਤਾਂ ਮੈਨੂੰ ਹਰ ਰੋਜ਼ ਰੱਬ ਦੇ ਘਰ ਲਿਜਾਣ ਦੀਆਂ ਗੱਲਾਂ ਕਰਦਾ ਸੀ।ਅੱਜ ਉਹ ਆਪ ਇਕੱਲਾ ਕਿਵੇਂ ਰੱਬ ਦੇ ਘਰ ਚਲਾ ਗਿਆ ਏ।ਮੈਂ ਵੀ ਇਸ ਦੇ ਨਾਲ ਰੱਬ ਦਾ ਘਰ ਵੇਖ ਕੇ ਆਉਣਾ ਹੈ।ਸੁਖਮਨੀ ਨਹੀਂ ਰੱਬ ਦੇ ਘਰ ਲੋਕ ਇਕੱਲੇ ਇਕੱਲੇ ਹੀ ਜਾਂਦੇ ਨੇ।ਤੂੰ ਅਜੇ ਬਹੁਤ ਕੁੱਝ ਵੇਖਣਾ ਹੈ, ਜਦੋਂ ਸਾਡੀ ਉਮਰ ਦੀ ਹੋਵੇਗੀ ਉਸ ਸਮੇਂ ਤੂੰ ਵੀ ਰੱਬ ਦਾ ਘਰ ਵੇਖ ਲਈਂ।ਸੁਖਮਨੀ ਨੂੰ ਦਾਦੀ ਦੀ ਕੋਈ ਗੱਲ ਸਮਝ ਨਾ ਆਈ।ਇੰਨੇ ਚਿਰ ‘ਚ ਸਾਰਿਆਂ ਨੂੰ ਪਤਾ ਲੱਗ ਗਿਆ ਕੇ ਬਾਪੂ ਜੈਮਲ ਸਿੰਘ ਅਕਾਲ ਚਲਾਣਾ ਕਰ ਗਏ ਹਨ।ਹੁਣ ਜਿਹੜਾ ਵੀ ਜੀਅ ਘਰ ਵਿੱਚ ਆ ਰਿਹਾ ਸੀ।ਉਸ ਨੂੰ ਸੁਖਮਨੀ ਹੱਸ ਹੱਸ ਕੇ ਦੱਸ ਰਹੀ ਸੀ ਕਿ ਸਾਡਾ ਬਾਪੂ ਰੱਬ ਦੇ ਘਰ ਚਲਾ ਗਿਆ ਹੈ। 09082021

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)
ਮੋ- 7589155501

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …