ਅੰਮ੍ਰਿਤਸਰ, 21 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਨਾਟਕ ਤੇ ਸੰਗੀਤ ਫੈਸਟੀਵਲ ਦੇ ਇਸ ਹਫ਼ਤੇ ਦਿਨ ਸ਼ਨੀਵਾਰ ਨੂੰ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਡਾ. ਸ਼ਿਆਮ ਸੁੰਦਰ ਦੀਪਤੀ ਦੀਆਂ ਨਾਰੀ ਕੇਂਦਰਿਤ ਕਵਿਤਾਵਾਂ ਤੇ ਅਧਾਰਿਤ ਲਿਖਿਆ ਅਤੇ ਗੁਰਮੇਲ ਸ਼ਾਮਨਗਰ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮੇਰਾ ਵਖਰਾਪਨ ਅੱਖਰਦਾ ਹੈ ਬਸ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਇਹ ਨਾਟਕ ਕਵਿਤਾ ਦਾ ਕੇਂਦਰੀ ਨੁਕਤਾ ਸੀ ਕਿ ਜਦੋਂ ਵੀ ਔਰਤ ਆਪਣੀ ਹਸਤੀ ਨੂੰ ਪਛਾਣ ਦਿਵਾਉਣ ਲਈ ਕੋਈ ਕਦਮ ਪੁੱਟਣਾ ਚਾਹੁੰਦੀ ਹੈ, ਉਦੋਂ ਹੀ ਸਮਾਜ ਨੂੰ ਉਹ ਢੁੱਕਦਾ ਹੈ।ਇਸ ਥੀਮ ਨੂੰ ਕਲਾਕਾਰਾਂ ਨੇ ਬਾਖੂਬੀ ਨਿਭਾਇਆ, ਜੋ ਕਿ ਗੁਰਮੇਲ ਸ਼ਾਮਨਗਰ ਨੇ ਨਿਰਦੇਸ਼ਿਤ ਕੀਤਾ।ਇਸ ਨਾਟਕ ਦੀ ਖਾਸ ਗੱਲ ਇਹ ਸੀ ਕਿ ਤਕਰੀਬਨ ਸਾਰੇ ਹੀ ਕਲਾਕਾਰ ਲੜਕੇ ਲੜਕੀਆਂ ਸਕੂਲ ਕਾਲਜ ਦੇ ਵਿਦਿਆਰਥੀ ਸਨ।ਦਰਸ਼ਕਾਂ ਦੀ ਭਰੀ ਹਾਜ਼ਰੀ ਵਿੱਚ ਲੋਕਾਂ ਨੇ ਨਾਟਕ ਦਾ ਆਨੰਦ ਮਾਣਿਆ ਤੇ ਅੰਤ ਵਿੱਚ ਪ੍ਰੇਰਣਾ ਪ੍ਰਕਾਸ਼ਨ ਵਲੋਂ ਕਲਾਕਾਰਾਂ ਨੂੰ ਕਿਤਾਬਾਂ ਦਾ ਸੈਟ ਅਤੇ ਵਾਤਾਰਨ ਪ੍ਰੇਮੀ ਇੰਜ. ਦਲਜੀਤ ਸਿੰਘ ਕੋਹਲੀ ਦੀ ਟੀਮ ਨੇ ਚੱਲ ਰਹੇ ਵਨ ਮਹਾਂਉਤਸਵ ਦੇ ਮੌਕੇ ਕਲਾਕਾਰਾਂ ਨੂੰ ਬੂਟਾ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼ਿਆਮ ਸੁੰਦਰ ਦੀਪਤੀ, ਡਾ. ਮਧੂ, ਡਾ. ਇਕਬਾਲ ਕੌਰ ਸੌਂਦ, ਹਿਰਦੇਪਾਲ ਸਿੰਘ, ਸੁਮੀਤ ਸਿੰਘ, ਵਿਪਨ ਧਵਨ, ਗੁਰਤੇਜ ਮਾਨ, ਨਰਿੰਦਰ ਸਾਂਘੀ ਆਦਿ ਹਾਜ਼ਰ ਸਨ।
ਨੋਟ : 22 ਅਗਸਤ ਦਿਨ ਐਤਵਾਰ ਨੂੰ ਅਮਨ ਭਾਰਦਵਾਜ ਦੀ ਨਿਰਦੇਸ਼ਨਾਂ ਹੇਠ ਹੋਣ ਵਾਲਾ ਪੰਜਾਬੀ ਨਾਟਕ ‘ਅਰਮਾਨ’ ਹੁਣ 23 ਅਗਸਤ ਦਿਨ ਸੋਮਵਾਰ ਸ਼ਾਮ 6 ਵਜੇ ਹੋਵੇਗਾ।