Thursday, November 21, 2024

ਟੋਕੀਓ ਓਲੰਪਿਕ ‘ਚ ਖੇਡਣ ਵਾਲੀਆਂ ਭਾਰਤੀ ਹਾਕੀ ਟੀਮ ਦੀਆਂ ਖਿਡਾਰਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

ਬੀਬੀ ਜਗੀਰ ਕੌਰ ਨੇ ਪੰਜ-ਪੰਜ ਲੱਖ ਰੁਪਏ ਦੇ ਚੈਕ ਦੇ ਕੇ ਕੀਤਾ ਸਨਮਾਨਿਤ
ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੋਕੀਓ ਓਲੰਪਿਕ ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਕੀਤੇ ਫੈਸਲੇ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਟੋਕੀਓ ਓਲੰਪਿਕ ਖੇਡਾਂ ਦੌਰਾਨ ਲੜਕੀਆਂ ਦੀ ਭਾਰਤੀ ਹਾਕੀ ਟੀਮ ਦੀਆਂ ਹਰਿਆਣਾ ਨਾਲ ਸਬੰਧਤ ਤਿੰਨ ਖਿਡਾਰਨਾਂ ਨਵਜੋਤ ਕੌਰ, ਨਵਰੀਤ ਕੌਰ ਤੇ ਰਾਣੀ ਰਾਮਪਾਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੰਜ-ਪੰਜ ਲੱਖ ਰੁਪਏ ਦੇ ਚੈਕ, ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
                    ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤੀ ਹਾਕੀ ਖਿਡਾਰੀਆਂ ਨੇ ਆਪਣੀ ਮਿਹਨਤ ਸਦਕਾ ਹਾਕੀ ਨੂੰ ਦੁਬਾਰਾ ਪ੍ਰਫੁੱਲਤ ਕਰਨ ਦਾ ਕਾਰਜ਼ ਕੀਤਾ ਹੈ।ਉਨਾਂ ਨੇ ਲੜਕੀਆਂ ਦੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਲੜਕੀਆਂ ਦੀ ਹਾਕੀ ਟੀਮ ਓਲੰਪਿਕ ਵਿਚੋਂ ਮੈਡਲ ਪ੍ਰਾਪਤ ਨਹੀਂ ਕਰ ਸਕੀ, ਪਰ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਭਵਿੱਖ ਵਿੱਚ ਦੇਸ਼ ਨੂੰ ਵੱਡੀਆਂ ਆਸਾਂ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਓਲੰਪਿਕ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ ਲੜਕਿਆਂ ਦੀ ਹਾਕੀ ਟੀਮ ਨੂੰ ਪਹਿਲਾਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜ ਹਰਿਆਣਾ ਰਾਜ ਨਾਲ ਸਬੰਧਤ ਹਾਕੀ ਟੀਮ ਦੀਆਂ ਤਿੰਨ ਖਿਡਾਰਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਆਈਆਂ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਲੜਕੀਆਂ ਦੀ ਟ੍ਰੇਨਿੰਗ ਕਰਵਾਉਣ ਵਾਲੇ ਕੋਚ ਬਲਦੇਵ ਸਿੰਘ ਇਸ ਵਕਤ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਾਕੀ ਟੀਮਾਂ ਨੂੰ ਕੋਚਿੰਗ ਦੇ ਰਹੇ ਹਨ।ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਹਾਕੀ, ਕਬੱਡੀ ਤੇ ਅਥਲੈਟਿਕਸ ਸਮੇਤ ਹੋਰ ਖੇਡਾਂ ਲਈ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ।ਇਨ੍ਹਾਂ ਖਿਡਾਰੀਆਂ ਦੀ ਹਰ ਸਹੂਲਤ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਖਿਡਾਰਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਹੋਰ ਵੱਡੀਆਂ ਮੱਲ੍ਹਾਂ ਮਾਰਨਗੇ।ਹਾਕੀ ਖਿਡਾਰਨਾਂ ਨਵਜੋਤ ਕੌਰ, ਨਵਰੀਤ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ।
                   ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਤੇਜਿੰਦਰ ਸਿੰਘ ਪੱਡਾ, ਬਲਵਿੰਦਰ ਸਿੰਘ ਕਾਹਲਵਾਂ, ਓ.ਐਸ.ਡੀ. ਡਾ. ਅਮਰੀਕ ਸਿੰਘ ਲਤੀਫ਼ਪੁਰ, ਡਾ. ਸੁਖਬੀਰ ਸਿੰਘ, ਸੁਪਰਡੈਂਟ ਮਲਕੀਅਤ ਸਿੰਘ ਬਹਿੜਵਾਲ ਅਤੇ ਲੜਕੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …